ਕਰਮਜੀਤ ਸਿੰਘ ਚਿੱਲਾ
ਬਨੂੜ, 12 ਅਪਰੈਲ
ਪਿਛਲੇ ਵਰ੍ਹੇ ਨਾਲੋਂ ਇਸ ਵਾਰ ਕਣਕ ਦੇ ਤਿੰਨ ਗੁਣਾ ਘਟੇ ਝਾੜ ਨੇ ਅੰਨਦਾਤੇ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਫਰਵਰੀ ਦੇ ਅਖੀਰ ਵਿੱਚ ਇੱਕਦਮ ਵਧੇ ਤਾਪਮਾਨ ਕਾਰਨ ਬਰੀਕ ਰਹਿ ਗਏ ਕਣਕ ਦੇ ਦਾਣਿਆਂ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਐਤਕੀਂ ਕਣਕ ਦਾ ਝਾੜ ਛੇ ਕੁਇੰਟਲ ਪ੍ਰਤੀ ਏਕੜ ਤੋਂ ਦਸ ਕੁਇੰਟਲ ਪ੍ਰਤੀ ਏਕੜ ਦੇ ਵਿਚਾਲੇ ਹੀ ਨਿਕਲ ਰਿਹਾ ਹੈ। ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੋਏ। ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦੂਹਰੀ ਮਾਰ ਪੈ ਗਈ ਹੈ।
ਬਨੂੜ, ਮਾਣਕਪੁਰ, ਖੇੜਾ ਗੱਜੂ, ਖੇੜੀ ਗੁਰਨਾ, ਸਨੇਟਾ, ਜਲਾਲਪੁਰ ਅਤੇ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਕਣਕ ਵੇਚਣ ਆਏ ਮੁਹਾਲੀ ਤੇ ਰਾਜਪੁਰਾ ਤਹਿਸੀਲ ਦੇ ਦਰਜਨਾਂ ਕਿਸਾਨਾਂ ਨੇ ਦੱਸਿਆ ਕਿ ਇੰਨਾ ਘੱਟ ਝਾੜ ਪਹਿਲਾਂ ਕਦੇ ਨਹੀਂ ਨਿਕਲਿਆ ਸੀ।
ਤਰਲੋਚਨ ਸਿੰਘ ਗੋਬਿੰਦਗੜ੍ਹ, ਹਰਜਿੰਦਰ ਸਿੰਘ ਮਿੰਢੇਮਾਜਰਾ, ਲਖਮੀਰ ਸਿੰਘ ਬਠਲਾਣਾ, ਹਰਪਾਲ ਸਿੰਘ ਪਾਲੀ ਦੁਰਾਲੀ, ਕੁਲਵਿੰਦਰ ਸਿੰਘ ਜੰਗਪੁਰਾ, ਮਨਜੀਤ ਸਿੰਘ ਤੰਗੌਰੀ, ਅਸ਼ੋਕ ਕੁਮਾਰ ਖੇੜਾ ਗੱਜੂ ਸਮੇਤ ਦਰਜਨਾਂ ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ ਜਿਨ੍ਹਾਂ ਖੇਤਾਂ ਵਿੱਚ 18 ਤੋਂ 20 ਕੁਇੰਟਲ ਝਾੜ ਨਿਕਲਿਆ ਸੀ, ਐਤਕੀਂ ਛੇ ਤੋਂ ਅੱਠ ਨੌਂ ਕੁਇੰਟਲ ਹੀ ਰਹਿ ਗਿਆ ਹੈ।
ਦੁਰਾਲੀ ਦੇ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ 16 ਏਕੜ ਜ਼ਮੀਨ ਵਿੱਚੋਂ ਪਿਛਲੇ ਵਰ੍ਹੇ 300 ਕੁਇੰਟਲ ਕਣਕ ਨਿਕਲੀ ਸੀ ਤੇ ਐਤਕੀਂ ਸਿਰਫ਼ 100 ਕੁਇੰਟਲ ਨਿਕਲੀ ਹੈ। ਕਿਸਾਨਾਂ ਨੇ ਦੱਸਿਆ ਕਿ 30 ਹਜ਼ਾਰ ਤੋਂ 40 ਹਜ਼ਾਰ ਰੁਪਏ ਪ੍ਰਤੀ ਏਕੜ ਠੇਕਾ ਦੇ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦੁੱਗਣੇ ਖਰਚੇ ਪੈ ਗਏ ਹਨ।
ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਰਾਹਤ ਦੇਵੇ ਸਰਕਾਰ: ਸਿੱਧੂ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਮੁਹਾਲੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਕਣਕ ਦੇ ਤਿੰਨ ਗੁਣਾ ਝਾੜ ਘਟਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਸਿੱਧੂ ਨੇ ਆਖਿਆ ਕਿ ਕਿਸਾਨਾਂ ਦੇ ਖਰਚਿਆਂ ਦੀ ਪੂਰਤੀ ਲਈ ਪੰਜਾਬ ਸਰਕਾਰ ਨੂੰ ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਚਾਹੀਦਾ ਹੈ।