ਹਰਜੀਤ ਸਿੰਘ
ਡੇਰਾਬੱਸੀ, 29 ਅਗਸਤ
ਰੋਡ ਸੰਘਰਸ਼ ਕਮੇਟੀ ਡੇਰਾਬੱਸੀ ਅਤੇ ਬਨੂੜ ਦੀ ਅਹਿਮ ਮੀਟਿੰਗ ਪਿੰਡ ਧਨੌਨੀ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ। ਇਸ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਸੈਕਸ਼ਨ 28 ਅਧੀਨ ਬਣੇ ਐਵਾਰਡ ਰੱਦ ਕਰਨ ਸਬੰਧੀ 2 ਸਤੰਬਰ ਨੂੰ ਮੁਬਾਰਕਪੁਰ ਵਿਖੇ ਕਿਸਾਨ ਦੀ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨਾਲ ਹੋਣ ਵਾਲੀ ਮੀਟਿੰਗ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਰੋਡ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਸ੍ਰੀ ਰੰਧਾਵਾ ਤੋਂ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਲਈ ਪ੍ਰਤੀ ਏਕੜ ਛੇ ਕਰੋੜ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ। ਕਿਸਾਨਾਂ ਵੱਲੋਂ ਮੁਆਵਜ਼ੇ ਦੇ ਨਾਲ ਨਾਲ ਸੜਕ ਜ਼ਮੀਨ ਦੇ ਬਰਾਬਰ ’ਤੇ ਸਰਵਿਸ ਲੇਨ ਬਣਾਉਣ ਦੀ ਵੀ ਮੰਗ ਕੀਤੀ ਗਈ। ਸ੍ਰੀ ਰੰਧਾਵਾ ਨੇ ਸਾਰੀ ਸਮੱਸਿਆਵਾਂ ਸੁਣਨ ਮਗਰੋਂ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਦਾ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਦੋ ਸਤੰਬਰ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਮੁਲਾਕਾਤ ਕਰ ਕੇ ਸਾਰੀਆਂ ਮੰਗਾਂ ਸਬੰਧੀ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬਲਜਿੰਦਰ ਸਿੰਘ ਸੇਖਪੁਰਾ, ਰਤਨ ਸਿੰਘ ਅਮਲਾਲਾ, ਅਵਤਾਰ ਸਿੰਘ ਮਨੌਲੀ ਸੂਰਤ, ਰਾਮ ਸਿੰਘ, ਧਰਮ ਸਿੰਘ, ਸਮਸ਼ੇਰ ਸਿੰਘ ਬਰੋਲੀ, ਸੁਖਵਿੰਦਰ ਸਿੰਘ ਮਨੌਲੀ, ਹਰਵਿੰਦਰ ਸਿੰਘ, ਗਰੀਬ ਸਿੰਘ ਬੁੱਢਣਪੁਰ ਆਦਿ ਹਾਜ਼ਰ ਸਨ।
‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦੀ ਸ਼ੁਰੂਆਤ
ਲਾਲੜੂ (ਪੱਤਰ ਪ੍ਰੇਰਕ): ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦਾ ਆਗਾਜ਼ ਲਾਲੜੂ ਦੇ ਵਾਰਡ ਨੰਬਰ 14 ਵਿੱਚ ਸਫ਼ਾਈ ਮੁਹਿੰਮ ਚਲਾ ਕੇ ਕੀਤਾ। ਸ੍ਰੀ ਰੰਧਾਵਾ ਨੇ ਕਿਹਾ ਕਿ ਉਕਤ ਮਹਿੰਮ ਤਹਿਤ ਲਾਲੜੂ ਸ਼ਹਿਰ ਵਿੱਚ ਰੋਜ਼ਾਨਾ ਇਕ ਵਾਰਡ ਵਿੱਚ ਇਕ ਹਫਤੇ ਤੱਕ ਕੌਂਸਲ ਦੀ ਟੀਮ ਵਲੋਂ ਦੌਰਾ ਕੀਤਾ ਜਾਵੇਗਾ।