ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 14 ਮਾਰਚ
ਪੰਜਾਬੀ ਫ਼ਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਵੱਲੋਂ 27, 28 ਅਤੇ 29 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਕੈਂਪਸ ਵਿਖੇ ਤਿੰਨ ਦਿਨਾ ‘ਪੰਜਾਬੀ ਸਿਨੇਮਾ, ਟੈਲੀਵਿਜ਼ਨ ਅਤੇ ਰੰਗ-ਮੰਚ ਉਤਸਵ’ ਕਰਵਾਇਆ ਜਾਵੇਗਾ। ਇਹ ਫ਼ੈਸਲਾ ਅੱਜ ਇੱਥੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਪ੍ਰਧਾਨਗੀ ਹੇਠ ਹੋਈ ਮੀਟੰਗ ਵਿੱਚ ਲਿਆ ਗਿਆ। ਸੰਸਥਾ ਦੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਦੱਸਿਆ ਕਿ 27 ਮਾਰਚ ਨੂੰ ਰੰਗ-ਮੰਚ ਦੀ ਅਜੋਕੀ ਸਥਿਤੀ, ਸਮੱਸਿਆਵਾਂ ਬਾਰੇ ਵਿਚਾਰਾਂ ਹੋਣਗੀਆਂ। ਰੰਗ-ਮੰਚ ਨਾਲ ਜੁੜੀਆਂ ਸ਼ਖ਼ਸੀਅਤਾਂ ਦੇ ਸਨਮਾਨ ਤੋਂ ਇਲਾਵਾ ਸ਼ਾਮ ਸਮੇਂ ਕੇਵਲ ਧਾਲੀਵਾਲ ਵੱਲੋਂ ਨਾਟਕ ਪੇਸ਼ ਕੀਤਾ ਜਾਵੇਗਾ। 28 ਮਾਰਚ ਨੂੰ ਟੈਲੀਵਿਜ਼ਨ ਤੇ ਓਟੀਟੀ ਪਲੇਟਫ਼ਾਰਮ ਬਾਰੇ ਵਿਚਾਰ ਹੋਵੇਗੀ। ਇਸ ਮੌਕੇ ਪੰਜਾਬੀ ਫ਼ਿਲਮ ‘ਚਮਨ’ ਵਿਖਾਈ ਜਾਵੇਗੀ। ਮੀਟਿੰਗ ਵਿੱਚ ਕਰਮਜੀਤ ਅਨਮੋਲ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਕੌਰ ਰੂਪੀ, ਭਾਰਤ ਭੂਸ਼ਨ ਵਰਮਾ, ਡਾ ਰਣਜੀਤ ਸ਼ਰਮਾ, ਸੀਮਾ ਕੌਸ਼ਲ, ਦਲਜੀਤ ਅਰੋੜਾ, ਪਰਮਵੀਰ ਸਿੰਘ, ਪਰਮਜੀਤ ਭੰਗੂ ਆਦਿ ਕਲਾਕਾਰ ਮੌਜੂਦ ਸਨ।