ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਸਤੰਬਰ
ਯੂਟੀ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਕੰਪਾਰਟਮੈਂਟ ਦੀ ਪ੍ਰੀਖਿਆ ਹੁਣ ਆਫਲਾਈਨ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਲਈ ਵਿਭਾਗ ਨੇ ਸਕੂਲ ਮੁਖੀਆਂ ਨੂੰ ਮਾਪਿਆਂ ਤੋਂ ਰਾਏ ਲੈਣ ਲਈ ਕਿਹਾ ਹੈ। ਵਿਭਾਗ ਨੇ ਹਾਲ ਦੀ ਘੜੀ ਸਿਰਫ ਗਿਆਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਹੈ ਤੇ ਨੌਵੀਂ ਜਮਾਤ ਦੀਆਂ ਪ੍ਰੀਖਿਆਵਾਂ ਆਨਲਾਈਨ ਜਾਂ ਆਫਲਾਈਨ ਕਰਵਾਉਣ ਬਾਰੇ ਬਾਅਦ ਵਿਚ ਫੈਸਲਾ ਕੀਤਾ ਜਾਵੇਗਾ। ਸਿੱਖਿਆ ਵਿਭਾਗ ਨੇ ਅੱਜ ਸਾਰੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਮਾਪਿਆਂ ਨੂੰ ਆਫਲਾਈਨ ਪ੍ਰੀਖਿਆ ਕਰਵਾਉਣ ਬਾਰੇ ਸੁਝਾਅ ਮੰਗੇ ਹਨ। ਇਸ ਤੋਂ ਪਹਿਲਾਂ ਵਿਭਾਗ ਨੇ ਕਰੋਨਾ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਫੇਲ੍ਹ ਨਹੀਂ ਕੀਤਾ ਸੀ ਤੇ ਫੇਲ੍ਹ ਵਿਦਿਆਰਥੀਆਂ ਦੀ ਕੰਪਾਰਟਮੈਂਟ ਐਲਾਨ ਦਿੱਤੀ ਸੀ।