ਸਰਬਜੀਤ ਸਿੰਘ ਭੱਟੀ
ਲਾਲੜੂ, 21 ਅਕਤੂਬਰ
ਇੱਥੇ ਪਿੰਡ ਬੱਲੋਪੁਰ ਦੇ ਨਿੱਜੀ ਕਾਲਜ ਦੇ ਪ੍ਰਬੰਧਕਾਂ ਦੀ ਕਥਿਤ ਲਾਪ੍ਰਵਾਹੀ ਕਾਰਨ ਪੰਜਾਬ ਪੁਲੀਸ ਦੀ ਭਰਤੀ ਪ੍ਰੀਖ਼ਿਆ ਦੌਰਾਨ ਕਾਲਜ ਦੀ ਤੀਜੀ ਮੰਜ਼ਿਲ ਤੋਂ ਡਿੱਗ ਕੇ ਜ਼ਖ਼ਮੀ ਹੋਏ ਨੌਜਵਾਨ ਦੀ ਅੱਜ ਮੌਤ ਹੋ ਗਈ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਨੌਜਵਾਨ ਗੌਰਵ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਸੀ, ਜਿੱਥੇ ਅੱਜ ਸੱਤ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।
ਸਥਾਨਕ ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ’ਤੇ ਕਾਲਜ ਦੀ ਮੈਨੇਜਮੈਂਟ ਅਤੇ ਪੇਪਰ ਦਿਵਾਉਣ ਵਾਲੀ ਅਥਾਰਿਟੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਅਧਿਕਾਰੀ ਜਗਤਾਰ ਸਿੰਘ ਸੈਣੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਵਿਕਾਸ ਯਾਦਵ ਨਿਵਾਸੀ ਬਠਿੰਡਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦਾ ਛੋਟਾ ਭਰਾ ਗੌਰਵ 14 ਅਕਤੂਬਰ ਨੂੰ ਲਾਲੜੂ ਨੇੜਲੇ ਪਿੰਡ ਬੱਲੋਪੁਰ ਦੇ ਇਕ ਨਿੱਜੀ ਕਾਲਜ ਵਿੱਚ ਪੰਜਾਬ ਪੁਲੀਸ ਦੀ ਭਰਤੀ ਲਈ ਲਿਖ਼ਤੀ ਪ੍ਰੀਖ਼ਿਆ ਦੇਣ ਲਈ ਗਿਆ ਸੀ, ਜੋ ਕਾਲਜ ਦੀ ਤੀਜੀ ਮੰਜ਼ਿਲ ’ਤੇ ਚਲਾ ਗਿਆ, ਜਿੱਥੇ ਉਹ ਲਿਫਟ ਵਾਲੀ ਥਾਂ ਵਿੱਚ ਅਚਾਨਕ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਸੀ, ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਗੌਰਵ ਦੀ ਹਾਲਤ ਸਥਿਰ ਹੋਣ ’ਤੇ ਉਸ ਨੇ ਦੱਸਿਆ ਕਿ ਜਿਸ ਥਾਂ ’ਤੇ ਪੇਪਰ ਸੀ, ਉਸ ਥਾਂ ਲਿਫਟ ਨਾ ਹੋਣ ਕਾਰਨ ਦਰਵਾਜ਼ਾ ਖੁੱਲ੍ਹਾ ਸੀ, ਉਹ ਪਖਾਨੇ ਦੇ ਭੁਲੇਖੇ ਉਥੇ ਚਲਾ ਗਿਆ ਤੇ ਹੇਠਾਂ ਡਿੱਗ ਗਿਆ। ਪੁਲੀਸ ਨੇ ਕਾਲਜ ਦੀ ਮੈਨੇਜਮੈਂਟ ਤੇ ਪੇਪਰ ਦਿਵਾਉਣ ਵਾਲੀ ਏਜੰਸੀ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।