ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ) ਚੰਡੀਗੜ੍ਹ ਅੰਬਾਲਾ ਕੌਮੀ ਸੜਕ ’ਤੇ ਸਥਿਤ ਰਮਾਡਾ ਹੋਟਲ ਦੇ ਨੇੜੇ ਇਕ ਕਾਰ ਦੀ ਲਪੇਟ ’ਚ ਆ ਕੇ ਸਕੂਟਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੇਵ ਰਾਜ ਵਾਸੀ ਸੂਰਜਪੁਰ, ਪੰਚਕੂਲਾ ਦੇ ਰੂਪ ਵਿੱਚ ਹੋਈ ਹੈ। ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੇ ਭਰਾ ਕੇਸ਼ਰ ਦੇਵ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਛੋਟੇ ਭਰਾ ਨੂੰ ਮਿਲਣ ਲਈ ਉੱਤਰ ਪ੍ਰਦੇਸ਼ ਤੋਂ ਇਥੇ ਆਇਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਬੱਸ ਰਾਹੀਂ ਜ਼ੀਰਕਪੁਰ ਆਇਆ ਸੀ। ਇਥੇ ਉਸ ਨੂੰ ਲੈਣ ਲਈ ਉਸਦਾ ਭਰਾ ਸਕੂਟਰ ’ਤੇ ਆਇਆ ਸੀ। ਬੱਸ ਨੇ ਉਸ ਨੂੰ ਸਿੰਘਪੁਰਾ ਚੌਕ ’ਤੇ ਉਤਾਰਨਾ ਸੀ ਪਰ ਉਸ ਨੂੰ ਚੰਡੀਗੜ੍ਹ ਹੱਦ ਨੇੜੇ ਉੱਤਾਰ ਦਿੱਤਾ। ਉਸਦਾ ਭਰਾ ਸਕੂਟਰ ’ਤੇ ਉਸ ਨੂੰ ਲੈਣ ਲਈ ਆ ਰਿਹਾ ਸੀ ਤਾਂ ਉਸ ਨੂੰ ਰਮਾਡਾ ਹੋਟਲ ਦੇ ਸਾਹਮਣੇ ਇਕ ਅਣਪਛਾਤੇ ਕਾਰ ਦੇ ਚਾਲਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲੈ ਜਾਇਆ ਗਿਆ, ਜਿਥੇ ਉਸ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ।