ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 19 ਜੁਲਾਈ
ਇੱਥੋਂ ਦੇ ਫੇਜ਼-8 ਸਥਿਤ ਪੈਟਰੋਲ ਪੰਪ ਦੇ ਨਾਲ ਬਣ ਰਹੇ ਇੱਕ ਮਾਲ ਨੇੜੇ ਸੜਕ ਕਿਨਾਰੇ ਬੰਦ ਸੀਵਰੇਜ ਪਾਈਪਲਾਈਨ ਦੀ ਸਫ਼ਾਈ ਲਈ ਗਟਰ ਵਿੱਚ ਉਤਰੇ ਸਫ਼ਾਈ ਕਰਮਚਾਰੀ ਦੀ ਮੌਤ ਹੋ ਗਈ ਜਦਕਿ ਉਸੇ ਗਟਰ ਵਿੱਚ ਡੁੱਬਣ ਕਾਰਨ ਦੂਜੇ ਸਾਥੀ ਦੀ ਵੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਸਫ਼ਾਈ ਕਰਮਚਾਰੀ ਹਰਪਾਲ ਸਿੰਘ (45) ਵਾਸੀ ਫੇਜ਼-11 ਅਤੇ ਗਗਨ ਵਾਸੀ ਬਿਹਾਰ ਵਜੋਂ ਹੋਈ ਹੈ। ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਕੇ ਹਰਪਾਲ ਅਤੇ ਗਗਨ ਨੂੰ ਬਾਹਰ ਕੱਢ ਕੇ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਹਰਪਾਲ ਸਿੰਘ ਸਰਕਾਰੀ ਵਿਭਾਗ ਵਿੱਚ ਠੇਕੇ ’ਤੇ ਸਫ਼ਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ। ਉਹ ਮਾਲ ਨੇੜੇ ਬੰਦ ਪਏ ਸੀਵਰੇਜ ਦੀ ਸਫ਼ਾਈ ਲਈ ਉੱਥੇ ਆਇਆ ਸੀ ਜੋ ਗਟਰ ਦਾ ਢੱਕਣ ਖੋਲ੍ਹ ਕੇ ਹੇਠਾਂ ਉਤਰ ਗਿਆ। ਕੁਝ ਸਮੇਂ ਬਾਅਦ ਉਸਦੀ ਆਵਾਜ਼ ਆਉਣੀ ਬੰਦ ਹੋ ਗਈ ਤਾਂ ਉੱਥੇ ਕੰਮ ਕਰਦੇ ਮਜ਼ਦੂਰਾਂ ਨੇ ਉਸ ਨੂੰ ਆਵਾਜ਼ਾਂ ਮਾਰੀਆਂ ਪਰ ਕੋਈ ਜਵਾਬ ਨਾ ਮਿਲਿਆ।
ਇਸ ਦੌਰਾਨ ਮਿਸਤਰੀ ਗਗਨ ਰੱਸੀ ਲੈ ਕੇ ਮੈਨਹੋਲ ਵਿੱਚ ਉਤਰਿਆ ਅਤੇ ਉਸ ਨੇ ਹਰਪਾਲ ਨੂੰ ਰੱਸੀ ਬੰਨ ਕੇ ਉੱਪਰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸੀਵਰੇਜ ਵਿੱਚ ਜਾ ਡਿੱਗਿਆ ਅਤੇ ਡੁੱਬ ਜਾਣ ਕਾਰਨ ਉਸ ਦੀ ਵੀ ਮੌਤ ਹੋ ਗਈ। ਇਸ ਦੌਰਾਨ ਠੇਕੇਦਾਰ ਮੌਕੇ ਤੋਂ ਫਰਾਰ ਹੋ ਗਿਆ ਜਦੋਂਕਿ ਮਜ਼ਦੂਰਾਂ ਨੇ ਪੁਲੀਸ ਕੰਟਰੋਲ ਰੂਮ ਨੂੰ ਹਾਦਸੇ ਬਾਰੇ ਇਤਲਾਹ ਦਿੱਤੀ ਗਈ।
ਇਸ ਮੌਕੇ ਸੈਂਟਰਲ ਥਾਣਾ ਫੇਜ਼-8 ਦੇ ਐੱਸਐੱਚਓ ਰਾਜੀਵ ਅਰੋੜਾ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਗਮਾਡਾ, ਨਗਰ ਨਿਗਮ ਜਾਂ ਮਾਲ ਦੀ ਉਸਾਰੀ ਕਰਵਾ ਠੇਕੇਦਾਰ ਆਦਿ ’ਚੋਂ ਜੋ ਕੋਈ ਵੀ ਕਸੂਰਵਾਰ ਮਿਲਿਆ ਗਿਆ, ਉਸ ਨੂੰ ਕੇਸ ਵਿੱਚ ਨਾਮਜ਼ਦ ਕਰ ਕੇ ਕਾਰਵਾਈ ਕੀਤੀ ਜਾਵੇਗੀ।