ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਸਤੰਬਰ
ਇਥੇ ਡੱਡੂਮਾਜਰਾ ਕਲੋਨੀ ਨੇੜੇ ਕੈਂਟਰ ਦੀ ਲਪੇਟ ’ਚ ਆਉਣ ਕਾਰਨ ਰੇਹੜੀ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਰਜੁਨ ਵਾਸੀ ਸੈਕਟਰ-38 (ਵੈਸਟ) ਵਜੋਂ ਹੋਈ ਹੈ। ਥਾਣਾ ਮਲੋਆ ਦੀ ਪੁਲੀਸ ਨੇ ਕੈਂਟਰ ਦੇ ਨਾਬਾਲਗ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਅਰਜੁਨ ਦੇ ਭਰਾ ਦੀਪਕ ਵਾਸੀ ਸੈਕਟਰ-38 (ਵੈਸਟ) ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦਾ ਭਰਾ ਰੇਹੜੀ ’ਤੇ ਸਵਾਰ ਹੋ ਕੇ ਡੱਡੂਮਾਜਰਾ ਕਲੋਨੀ ਵਿੱਚੋਂ ਲੰਘ ਰਿਹਾ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਕੈਂਟਰ ਚਾਲਕ ਨੇ ਰੇਹੜੀ ’ਚ ਟੱਕਰ ਮਾਰ ਦਿੱਤੀ। ਅਰਜੁਨ ਨੂੰ ਸੈਕਟਰ-16 ਹਸਪਤਾਲ ’ਚ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਹਾਦਸੇ ਕਾਰਨ ਸਾਈਕਲ ਸਵਾਰ ਦੀ ਮੌਤ
ਲਾਲੜੂ (ਸਰਬਜੀਤ ਸਿੰਘ ਭੱਟੀ) : ਲਾਲੜੂ-ਹੰਡੇਸਰਾ ਸੜਕ ’ਤੇ ਬੀਤੀ ਦੇਰ ਸ਼ਾਮ ਤੇਜ਼ ਰਫਤਾਰ ਕੈਂਟਰ ਦੀ ਲਪੇਟ ਵਿੱਚ ਆਊਣ ਕਾਰਨ ਸਾਈਕਲ ਸਵਾਰ ਦੀ ਮੌਤ ਹੋ ਗਈ। ਊਹ ਪ੍ਰਾਈਵੇਟ ਫੈਕਟਰੀ ਵਿੱਚ ਡਰਾਈਵਰ ਵਜੋਂ ਤਾਇਲਾਤ ਸੀ। ਏ.ਐੱਸ.ਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜ ਕੁਮਾਰ (45) ਪੁੱਤਰ ਕਰਤਾਰ ਚੰਦ ਵਾਸੀ ਧਰਮਗੜ੍ਹ ਆਪਣੀ ਡਿਊਟੀ ਉਪਰੰਤ ਰਾਤ 9 ਵਜੇ ਸਾਈਕਲ ’ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਜਦੋਂ ਉਹ ਸਰਦਾਰਪੁਰਾ ਮੋੜ ’ਤੇ ਪਹੁੰਚਿਆ ਤਾਂ ਕੈਂਟਰ (ਐਚ.ਆਰ.37ਸੀ.4333) ਦੀ ਲਪੇਟ ਵਿੱਚ ਆ ਗਿਆ ਤੇ ਊਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਕੈਂਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।