ਪੀ.ਪੀ. ਵਰਮਾ
ਪੰਚਕੂਲਾ, 13 ਜਨਵਰੀ
ਪਿਜੋਰ ਖੇਤਰ ਵਿੱਚ ਕਾਂ ਅਤੇ ਬਗਲੇ ਮਰੇ ਹੋਏ ਮਿਲੇ ਹਨ। ਪਸ਼ੂ ਪਾਲਣ ਵਿਭਾਗ ਅਤੇ ਵਣ ਪ੍ਰਾਣੀ ਵਿਭਾਗ ਦਾ ਕਹਿਣਾ ਹੈ ਕਿ ਇਹ ਪੰਛੀ ਬਰਡ ਫਲੂ ਕਾਰਨ ਨਹੀਂ ਮਰ ਰਹੇ ਸਗੋਂ ਜ਼ਿਆਦਾ ਠੰਢ ਕਾਰਨ ਮਰ ਰਹੇ ਹਨ। ਸਵੇਰ ਵੇਲੇ ਸੈਰ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਯਾਦਵਿੰਦਰਾ (ਪਿਜੋਰ) ਗਾਰਡਨ ਦੇ ਕੋਲ ਕੁਝ ਕਾਂ ਮਰੇ ਪਏ ਸਨ। ਇਸ ਗਾਰਡਨ ਵਿੱਚ ਕਈ ਤਰ੍ਹਾਂ ਦੇ ਪੰਛੀਆਂ ਦਾ ਬਸੇਰਾ ਹੈ। ਮਰੇ ਹੋਏ ਕਾਂਵਾਂ ਬਾਰੇ ਸੂਚਨਾ ਵਣ ਵਿਭਾਗ ਨੂੰ ਦਿੱਤੀ ਗਈ। ਵਣ ਵਿਭਾਗ ਦੇ ਅਧਿਕਾਰੀ ਸਲੀਮ ਖਾਨ ਨੇ ਆਸਪਾਸ ਦੇ ਏਰੀਏ ਦੀ ਜਾਂਚ ਕੀਤੀ ਤਾਂ ਕੁਝ ਦੂਰੀ ’ਤੇ ਬਗਲੇ ਵੀ ਮਰੇ ਹੋਏ ਮਿਲੇ। ਵਿਭਾਗ ਦੇ ਅਧਿਕਾਰੀ ਡਾ. ਰੂਪ ਰਾਮ ਨੇ ਕਿਹਾ ਹੈ ਕਿ ਮੌਸਮ ਬਹੁਤ ਠੰਢਾ ਹੋਣ ਕਾਰਨ ਪੰਛੀ ਮਰ ਰਹੇ ਹਨ ਤੇ ਬਰਡ ਫਲੂ ਵਰਗੀ ਬਿਮਾਰੀ ਹਾਲੇ ਇਸ ਇਲਾਕੇ ਵਿੱਚ ਨਹੀਂ ਹੈ। ਵਣ ਵਿਭਾਗ ਨੇ ਮਰੇ ਹੋਏ ਪੰਛੀਆਂ ਦੇ ਸੈਂਪਲ ਲਏ ਤੇ ਉਨ੍ਹਾਂ ਨੂੰ ਜ਼ਮੀਨ ਵਿੱਚ ਟੋਆ ਪੁੱਟ ਕੇ ਦਬਾ ਦਿੱਤਾ।