ਜਗਮੋਹਨ ਸਿੰਘ
ਘਨੌਲੀ, 6 ਅਪਰੈਲ
ਜਲ ਸਰੋਤ ਕਮ ਖਣਨ ਵਿਭਾਗ ਜ਼ਿਲ੍ਹਾ ਰੂਪਨਗਰ ਵੱਲੋਂ ਪਿੰਡ ਆਸਪੁਰ ਕੋਟਬਾਲਾ ਦੀ ਡੀ-ਸਿਲਟਿੰਗ ਸਾਈਟ ਦੀ ਅੱਜ ਬਾਅਦ ਦੁਪਹਿਰ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਹੈ।
ਮਾਲ ਮਹਿਕਮੇ ਦੇ ਕਾਨੂੰਨਗੋ ਹਰਿੰਦਰ ਸ਼ਰਮਾ ਤੇ ਸੇਵਮੁਕਤ ਕਾਨੂੰਨਗੋ ਲਖਬੀਰ ਸਿੰਘ ਵੱਲੋਂ ਆਪਣੀ ਟੀਮ ਸਮੇਤ ਜਲ ਸਰੋਤ ਕਮ ਖਣਨ ਵਿਭਾਗ ਰੂਪਨਗਰ ਦੇ ਜੂਨੀਅਰ ਇੰਜੀਨੀਅਰ ਕੰਵਰਦੀਪ ਸਿੰਘ ਦੀ ਹਾਜ਼ਰੀ ਵਿੱਚ ਡੀ-ਸਿਲਟਿੰਗ ਲਈ ਖਣਨ ਠੇਕੇਦਾਰਾਂ ਨੂੰ ਅਲਾਟ ਕੀਤੇ ਗਏ ਖਸਰਾ ਨੰਬਰਾਂ ਦੀ ਮਿਣਤੀ ਕਰਕੇ ਨਿਸ਼ਾਨੀਆਂ ਲਾਈਆਂ ਗਈਆਂ।
ਦੂਜੇ ਪਾਸੇ ਅਧਿਕਾਰੀਆਂ ਵੱਲੋਂ ਨਿਸ਼ਾਨਦੇਹੀ ਕੀਤੇ ਜਾਣ ਨਾਲ ਕਈ ਦਿਨਾਂ ਤੋਂ ਕੱਚੇ ਮਾਲ ਦੀ ਘਾਟ ਕਾਰਨ ਬੰਦ ਪਏ ਕਰੱਸ਼ਰ ਮਾਲਕਾਂ ਨੂੰ ਇੱਥੋਂ ਕੰਟਰੋਲ ਰੇਟ ’ਤੇ ਗਰੈਵਲ ਮਿਲਣ ਦੀ ਆਸ ਬੱਝ ਗਈ ਹੈ। ਇਸ ਦੌਰਾਨ ਜੇਈ ਕੰਵਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਜਗ੍ਹਾ ਦੀ ਮਿਣਤੀ ਕਰਵਾ ਦਿੱਤੀ ਗਈ ਹੈ ਅਤੇ ਖਣਨ ਠੇਕੇਦਾਰ ਲਾਈਆਂ ਗਈਆਂ ਨਿਸ਼ਾਨੀਆਂ ਦੇ ਅੰਦਰ ਹੀ ਡੀ-ਸਿਲਟਿੰਗ ਦਾ ਕੰਮ ਕਰ ਸਕਣਗੇ।
ਆਸਪੁਰ ਕੋਟਬਾਲਾ ਸਾਈਟ ’ਤੇ ਨਹੀਂ ਹੈ ਸਿੱਧਾ ਕੰਮ ਆਉਣ ਵਾਲਾ ਰੇਤਾ
ਆਸਪੁਰ ਕੋਟਬਾਲਾ ਡੀ-ਸਿਲਟਿੰਗ ਸਾਈਟ ਸਿਰਸਾ ਨਦੀ ਕਿਨਾਰੇ ਸਥਿਤ ਹੈ। ਇਸ ਸਾਈਟ ’ਤੇ ਸਿੱਧਾ ਕੰਮ ਆਉਣ ਵਾਲਾ ਰੇਤਾ ਨਹੀਂ ਹੈ ਤੇ ਇੱਥੋਂ ਗਰੈਵਲ ਹੀ ਨਿਕਲੇਗਾ, ਜਿਹੜਾ ਕਿ ਕਰੱਸ਼ਰਾਂ ਤੇ ਤਿਆਰ ਕੀਤੇ ਜਾਣ ਉਪਰੰਤ ਹੀ ਵਰਤਣਯੋਗ ਹੋਵੇਗਾ। ਪਿਛਲੇ ਸਮੇਂ ਦੌਰਾਨ ਕਰੱਸ਼ਰ ਮਾਲਕ ਖਣਨ ਠੇਕੇਦਾਰਾਂ ਤੋਂ ਤੈਅਸ਼ੁਦਾ ਸਰਕਾਰੀ ਰੇਟਾਂ ਅਨੁਸਾਰ ਗਰੈਵਰ ਦੀ ਮੰਗ ਕਰਦੇ ਰਹੇ ਹਨ, ਪਰ ਖਣਨ ਠੇਕੇਦਾਰਾਂ ਪਹਿਲਾਂ ਇੱਥੋਂ ਗਰੈਵਲ ਮੁਹੱਈਆ ਕਰਵਾਉਣ ਵੇਲੇ ਅਤੇ ਫਿਰ ੳਸੇ ਮਾਲ ਨੂੰ ਕਰੱਸ਼ਰ ਤੇ ਤਿਆਰ ਕਰਨ ਉਪਰੰਤ ਤਿਆਰ ਹੋਏ ਪੱਕੇ ਮਾਲ ਤੇ ਰਿਆਲਟੀ ਦੀ ਮੰਗ ਕੀਤੀ ਜਾਂਦੀ ਰਹੀ, ਜਿਸ ਕਾਰਨ ਇੱਥੇ ਡੀ-ਸਿਲਟਿੰਗ ਦਾ ਕੰਮ ਚਾਲੂ ਨਹੀਂ ਸੀ ਹੋ ਸਕਿਆ।