ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਅਕਤੂਬਰ
ਇੱਥੇ ਏਅਰਪੋਰਟ ਲਾਈਟ ’ਤੇ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਸਕੂਟਰੀ ਸਵਾਰ 5 ਸਾਲਾਂ ਬੱਚੀ ਦੀ ਮੌਤ ਹੋ ਗਈ ਅਤੇ ਮਾਂ-ਪਿਉ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਨੂੰ ਪੀਜੀਆਈ ’ਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੈਕਟਰ-31 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਦੀਪਕ ਵਾਸੀ ਡੇਰਾਬੱਸੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਆਪਣੀ 5 ਸਾਲਾਂ ਧੀ ਅਤੇ ਪਤਨੀ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਦੜੂਆ ਤੋਂ ਡੇਰਾਬੱਸੀ ਘਰ ਜਾ ਰਿਹਾ ਸੀ। ਜਦੋਂ ਉਹ ਏਅਰਪੋਰਟ ਲਾਈਟ ਪੁਆਇੰਟ ’ਤੇ ਪਹੁੰਚੇ ਤਾਂ ਟਰੱਕ ਨੇ ਪਿੱਛੋਂ ਟੱਕਰ ਮਾਰ ਕੇ ਫਰਾਰ ਹੋ ਗਿਆ ਹੈ। ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਤਿੰਨਾਂ ਦੇ ਕਾਫੀ ਸੱਟਾ ਵਜੀਆਂ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਤਿੰਨਾਂ ਨੂੰ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਧੀ ਨੂੰ ਮ੍ਰਿਤਕ ਕਰਾਰ ਦਿੱਤਾ ਹੈ। ਥਾਣਾ ਸੈਕਟਰ-31 ਦੀ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਦੂਜੀ ਘਟਨਾ ਸੈਕਟਰ-36 ਦੇ ਨਜ਼ਦੀਕ ਇਸਕੋਨ ਮੰਦਰ ਦੇ ਨੇੜੇ ਵਾਪਰੀ ਹੈ ਜਿੱਥੇ ਕਾਰ ਦੀ ਲਪੇਟ ਵਿੱਚ ਆਉਣ ਨਾਲ ਐਕਟਿਵਾ ਸਵਾਰ ਮਾਂ-ਪੁੱਤ ਜ਼ਖ਼ਮੀ ਹੋ ਗਏ ਹਨ। ਪੀੜਤਾਂ ਨੂੰ ਇਲਾਜ ਲਈ ਪੀਜੀਆਈ ਭਰਤੀ ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤਾਂ ਦੀ ਪਛਾਣ ਦੀਪਕ ਨੇਗੀ ਵਾਸੀ ਮੁਹਾਲੀ ਤੇ ਉਸ ਦੀ ਮਾਂ ਵਜੋਂ ਹੋਈ ਹੈ। ਸੈਕਟਰ-36 ਦੀ ਪੁਲੀਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਦਿੱਤਾ ਹੈ। ਇਸੇ ਤਰ੍ਹਾਂ ਡੱਡੂਮਾਜਰਾ ਡੰਪਿੰਗ ਗਰਾਊਂਡ ਨੇੜੇ ਕਾਰ ਦੀ ਟੱਕਰ ਵੱਜਣ ਕਰਕੇ ਸਾਈਕਲ ਸਵਾਰ ਧੁਰਿੰਦਰ ਵਾਸੀ ਮਲੋਆ ਦੇ ਸੱਟਾ ਵਜੀਆਂ। ਚੰਡੀਗੜ੍ਹ ਪੁਲੀਸ ਨੇ ਤਿੰਨਾਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚਾਲਕ ਟਰੈਕਟਰ ਸਣੇ ਐੱਸਵਾਈਐਲ ਨਹਿਰ ’ਚ ਡਿੱਗਿਆ
ਘਨੌਲੀ (ਜਗਮੋਹਨ ਸਿੰਘ): ਪਿੰਡ ਮਕੌੜੀ ਖੁਰਦ ਨੇੜੇ ਇਕ ਵਿਅਕਤੀ ਦੀ ਟਰੈਕਟਰ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਸਬ ਇੰਸਪੈਕਟਰ ਗੁਰਮੁੱਖ ਸਿੰਘ ਅਨੁਸਾਰ ਕੁਲਜੀਤ ਸਿੰਘ (55) ਪੁੱਤਰ ਸੁਖਦੇਵ ਸਿੰਘ ਵਾਸੀ ਮਕੌੜੀ ਖੁਰਦ ਘਨੌਲੀ ਬੈਰੀਅਰ ਵਾਲੇ ਪਾਸਿਉਂ ਸਵਰਾਜ 735 ਟਰੈਕਟਰ ਲੈ ਕੇ ਆਪਣੇ ਪਿੰਡ ਪਰਤ ਰਿਹਾ ਸੀ। ਜਦੋਂ ਉਹ ਆਪਣੇ ਪਿੰਡ ਦੀ ਬਾਜ਼ੀਗਰ ਬਸਤੀ ਨੇੜੇ ਪੁੱਜਿਆ ਤਾਂ ਟਰੈਕਟਰ ਦਾ ਸੰਤੁਲਨ ਵਿਗੜ ਜਾਣ ਕਾਰਨ ਸਮੇਤ ਟਰੈਕਟਰ ਨਹਿਰ ਵਿੱਚ ਜਾ ਡਿੱਗਿਆ। ਮੌਕੇ ਤੋਂ ਗੁਜ਼ਰ ਰਹੇ ਰਾਹਗੀਰਾਂ ਨੇ ਬਾਜ਼ੀਗਰ ਬਸਤੀ ਦੇ ਵਸਨੀਕਾਂ ਦੀ ਮੱਦਦ ਨਾਲ ਟਰੈਕਟਰ ਚਾਲਕ ਨੂੰ ਨਹਿਰ ਵਿੱਚੋਂ ਕੱਢਿਆ। ਇਸ ਮਗਰੋਂ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਰੇਲ ਗੱਡੀ ਦੀ ਫੇਟ ਵੱਜਣ ਕਾਰਨ ਮੌਤ
ਸ੍ਰੀ ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਰੇਲ ਗੱਡੀ ਦੀ ਫੇਟ ਵੱਜਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਜੀ.ਆਰੀ.ਪੀ. ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਪਰਸ਼ੋਤਮ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬਸੀ ਪਠਾਣਾਂ ਤੋਂ ਸਰਹਿੰਦ ਦਰਮਿਆਨ ਹਿਮਾਚਲ ਐਕਸਪ੍ਰੈੱਸ ਰੇਲਗੱਡੀ ਦੀ ਫੇਟ ਵੱਜਣ ਕਾਰਨ ਅਣਪਛਾਤਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਮਗਰੋਂ ਉਹ ਵਿਅਕਤੀ ਦਮ ਤੋੜ ਗਿਆ।