ਕਰਮਜੀਤ ਸਿੰਘ ਚਿੱਲਾ
ਐੱਸਏਐੱਸ.ਨਗਰ (ਮੁਹਾਲੀ), 4 ਅਗਸਤ
ਪਿੰਡ ਦਾਊਂ ਦੀ ਪੰਚਾਇਤ ਵੱਲੋਂ ਪਿੰਡ ਨੂੰ ਨਗਰ ਨਿਗਮ ਮੁਹਾਲੀ ਵਿੱਚ ਸ਼ਾਮਲ ਕਰਨ ਲਈ ਪਾਏ ਗਏ ਮਤੇ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਹੈ। ਇਸ ਮੌਕੇ ਪੰਚਾਇਤ ਨੂੰ ਸਬੰਧਤ ਮਤੇ ਰੱਦ ਕਰਨ ਅਤੇ ਸਰਕਾਰ ਦੀ ਨੀਤੀ ਅਨੁਸਾਰ ਲੋੜਵੰਦਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਤੁਰੰਤ ਦੇਣ ਦੀ ਮੰਗ ਕੀਤੀ ਹੈ। ਪੰਚਾਇਤ ਵੱਲੋਂ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਪਿੰਡ ਵਾਸੀਆਂ ਨੇ ਗ੍ਰਾਮ ਸਭਾ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਕੇ ਸਾਰੇ ਮਤੇ ਰੱਦ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਇਸ ਮੌਕੇ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਸ ਪਿੰਡ ਬਲੌਂਗੀ, ਪਿੰਡ ਦੈੜੀ ਅਤੇ ਹੋਰ ਕਈ ਪਿੰਡਾਂ ਦੀ ਸ਼ਾਮਲਾਤ ਜ਼ਮੀਨ ਲੰਬੇ ਅਰਸੇ ਦੀ ਲੀਜ਼ ਉੱਤੇ ਸਿਆਸੀ ਸਰਪ੍ਰਸਤੀ ਅਧੀਨ ਵੱਖ-ਵੱਖ ਕਮੇਟੀਆਂ ਅਤੇ ਟਰੱਸਟਾਂ ਨੂੰ ਦਿੱਤੀ ਜਾ ਚੁੱਕੀ ਹੈ ਤੇ ਹੁਣ ਸਿਆਸਤਦਾਨਾਂ ਦੀ ਅੱਖ ਦਾਊਂ ਪਿੰਡ ਦੀ ਸ਼ਾਮਲਾਤ ਜ਼ਮੀਨ ਉੱਤੇ ਹੈ। ਸਾਬਕਾ ਸਰਪੰਚ ਅਵਤਾਰ ਸਿੰਘ ਗੋਸਲ ਨੇ ਕਿਹਾ ਕਿ ਜਦੋਂ ਉਹ ਸਰਪੰਚ ਸਨ ਤਾਂ ਮਤਾ ਪਾਇਆ ਗਿਆ ਸੀ ਕਿ ਪਿੰਡ ਦੀ ਸ਼ਾਮਲਾਤ ਜ਼ਮੀਨ ਕਿਸੇ ਵੀ ਕੀਮਤ ’ਤੇ ਨਹੀਂ ਦਿੱਤੀ ਜਾਵੇਗੀ।
ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹੀ ਮਤਾ ਅਮਲ ਵਿੱਚ ਲਿਆਂਦਾ ਜਾਵੇਗਾ: ਸਰਪੰਚ
ਪਿੰਡ ਦਾਊਂ ਦੇ ਸਰਪੰਚ ਅਜਮੇਰ ਸਿੰਘ ਨੇ ਮੰਨਿਆ ਕਿ ਉਨ੍ਹਾਂ ਮਹੀਨਾ ਪਹਿਲਾਂ ਪਿੰਡ ਨੂੰ ਮੁਹਾਲੀ ਨਿਗਮ ਵਿੱਚ ਸ਼ਾਮਲ ਕਰਨ ਲਈ ਮਤਾ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਮਤਾ ਅਗਲੇਰੀ ਕਾਰਵਾਈ ਲਈ ਕਿਤੇ ਨਹੀਂ ਭੇਜਿਆ ਗਿਆ ਪਰ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹੀ ਮਤਾ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਪੰਜ-ਪੰਜ ਮਰਲੇ ਦੇ ਪਲਾਟ ਦੇਣ ਸਬੰਧੀ ਜਲਦੀ ਹੀ ਜਨਰਲ ਇਜਲਾਸ ਸੱਦਣ ਦੀ ਗੱਲ ਵੀ ਆਖੀ।
ਬਲੌਂਗੀ ਦੀ ਪੰਚਾਇਤੀ ਜ਼ਮੀਨ ਪਟੇ ’ਤੇ ਦੇਣ ਦੇ ਮਾਮਲੇ ਦੀ ਜਾਂਚ ਮੰਗੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਗੈਰ-ਸਰਕਾਰੀ ਸੰਸਥਾ ‘ਹੈਲਪ’ ਦੇ ਨੁਮਾਇੰਦੇ ਪਰਵਿੰਦਰ ਸਿੰਘ ਕਿੱਤਣਾ, ਆਰਟੀਆਈ ਕਾਰਕੁਨ ਕੁਲਦੀਪ ਸਿੰਘ ਖਹਿਰਾ ਅਤੇ ਐਡਵੋਕੇਟ ਹਾਕਮ ਸਿੰਘ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨਾਲ ਸਬੰਧਤ ਇੱਕ ਸੰਸਥਾ ਨੂੰ ਮੁਹਾਲੀ ਜ਼ਿਲ੍ਹੇ ਦੇ ਪਿੰਡ ਬਲੌਂਗੀ ਦੀ ਪੰਚਾਇਤ ਵੱਲੋਂ 10 ਏਕੜ ਜ਼ਮੀਨ ਪਟੇ ’ਤੇ ਦੇਣ ਦੇ ਮਾਮਲੇ ਦੀ ਪੜਤਾਲ ਮੰਗੀ ਹੈ। ਉਨ੍ਹਾਂ ਕਿਹਾ ਕਿ ਜਿਸ ਸੁਸਾਇਟੀ ਨੂੰ ਇਹ ਜ਼ਮੀਨ ਦਿੱਤੀ ਗਈ ਹੈ, ਉਸ ਦਾ ਪਤਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਦਾ ਹੈ, ਇਸ ਲਈ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।