ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਫਰਵਰੀ
ਇਥੋਂ ਦੇ ਕਈ ਨਿੱਜੀ ਸਕੂਲਾਂ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਪ੍ਰੀ ਬੋਰਡ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਤੇ ਕਈ ਸਕੂਲਾਂ ਵਲੋਂ ਅਗਲੇ ਹਫ਼ਤੇ ਡੇਟਸ਼ੀਟ ਜਾਰੀ ਕੀਤੀ ਜਾਵੇਗੀ ਜਿਸ ਦਾ ਵਿਦਿਆਰਥੀਆਂ ਨੇ ਵਿਰੋਧ ਕੀਤਾ ਹੈ। ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਇਹ ਪ੍ਰੀਖਿਆਵਾਂ ਹਾਲੇ ਨਾ ਕਰਵਾਈਆਂ ਜਾਣ। ਇਹ ਪ੍ਰੀ ਬੋਰਡ ਪ੍ਰੀਖਿਆਵਾਂ ਆਫਲਾਈਨ ਹੋਣਗੀਆਂ ਜੋ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੀਆਂ ਮਾਰਚ ਅਪਰੈਲ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਤਰਜ਼ ’ਤੇ ਕਰਵਾਈਆਂ ਜਾਣਗੀਆਂ। ਸਕੂਲਾਂ ਅਨੁਸਾਰ ਬੋਰਡ ਵਲੋਂ ਜਾਰੀ ਕੀਤੇ ਸੈਂਪਲ ਪੇਪਰਾਂ ਅਨੁਸਾਰ ਹੀ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ।
ਪਤਾ ਲੱਗਾ ਹੈ ਕਿ ਭਵਨ ਵਿਦਿਆਲਿਆ ਸਕੂਲ ਸੈਕਟਰ-27 ਵਲੋਂ ਬਾਰ੍ਹਵੀਂ ਜਮਾਤ ਦੇ ਪ੍ਰੀ ਬੋਰਡ 15 ਫਰਵਰੀ ਤੋਂ ਕਰਵਾਏ ਜਾਣਗੇ ਜਿਸ ਸਬੰਧੀ ਡੇਟਸ਼ੀਟ ਅੱਜੀ ਜਾਰੀ ਕੀਤੀ ਗਈ। ਇਸ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਨੂੰ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ ਸਕੂਲ ਟਰਮ-2 ਦਾ ਇਕ ਮਹੀਨੇ ਵਿਚ ਹੀ ਸਿਲੇਬਸ ਕਰਵਾ ਦਿੱਤਾ ਹੈ ਤੇ ਉਤੋਂ ਟੈਸਟ ਵੀ ਲੈਣੇ ਸ਼ੁਰੂ ਕਰ ਦਿੱਤੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਉਹ ਪ੍ਰੀ ਬੋਰਡ ਦੀ ਡੇਟਸ਼ੀਟ ਜਾਰੀ ਹੋਣ ਕਰ ਕੇ ਤਣਾਅ ਵਿਚ ਹਨ। ਉਨ੍ਹਾਂ ਨੂੰ ਪ੍ਰੀ ਬੋਰਡ ਦੀ ਤਿਆਰੀ ਲਈ ਸਮਾਂ ਚਾਹੀਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਦਿੱਲੀ ਪਬਲਿਕ ਸਕੂਲ ਤੇ ਸੈਕਟਰ-38 ਦੇ ਸਕੂਲ ਨੇ ਵੀ ਪ੍ਰੀ ਬੋਰਡ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਸ ਸਕੂਲ ਦੇ ਵਿਦਿਆਰਥੀਆਂ ਨੇ ਵੀ ਮੰਗ ਕੀਤੀ ਹੈ ਕਿ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ। ਦੂਜੇ ਪਾਸੇ ਸਕੂਲ ਪ੍ਰਬੰਧਕਾਂ ਨੇ ਕਿਹਾ ਹੈ ਕਿ ਪ੍ਰੀ ਬੋਰਡ ਅੱਗੇ ਪਾਉਣ ਦੀ ਹਾਲੇ ਕੋਈ ਯੋਜਨਾ ਨਹੀਂ ਹੈ। ਰਿਆਨ ਸਕੂਲ ਦੇ ਪ੍ਰੀ ਬੋਰਡ 22 ਫਰਵਰੀ ਤੋਂ ਹੋਣਗੇ।
ਵਿਦਿਆਰਥੀਆਂ ਦੀ ਪੂਰੀ ਤਿਆਰੀ ਕਰਵਾਈ: ਪ੍ਰਿੰਸੀਪਲ
ਭਵਨ ਵਿਦਿਆਲਿਆ ਦੇ ਪ੍ਰਿੰਸੀਪਲ ਵਿਨੀਤਾ ਅਰੋੜਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਦਸੰਬਰ ਮਹੀਨੇ ਤੋਂ ਯੂਨਿਟ ਟੈਸਟ ਲਏ ਜਾ ਰਹੇ ਸਨ ਤੇ ਹੁਣ ਸੀਬੀਐਸਈ ਦੀ ਤਰਜ਼ ’ਤੇ ਪ੍ਰੀ ਬੋਰਡ ਲਏ ਜਾਣਗੇ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਧਨਾਸ ਦੀ ਪ੍ਰਿੰਸੀਪਲ ਸੀਮਾ ਗਿਰਧਰ ਨੇ ਦੱਸਿਆ ਕਿ ਹਾਲੇ 70 ਫੀਸਦੀ ਸਿਲੇਬਸ ਕਰਵਾਇਆ ਗਿਆ ਹੈ ਤੇ ਵਿਦਿਆਰਥੀਆਂ ਦੇ ਸਕੂਲ ਆਉਣ ’ਤੇ ਬਾਕੀ ਸਿਲੇਬਸ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਤੋਂ ਵਿਦਿਆਰਥੀਆਂ ਦੇ ਸੀਬੀਐਸਈ ਪ੍ਰੀਖਿਆਵਾਂ ਦੀ ਤਰਜ਼ ’ਤੇ ਯੂਨਿਟ ਟੈਸਟ ਲਏ ਜਾਣਗੇ ਜੋ ਸੀਬੀਐਸਈ ਦੇ ਸੈਂਪਲ ਪੇਪਰਾਂ ਆਧਾਰਤ ਲਏ ਜਾਣਗੇ।