ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 19 ਸਤੰਬਰ
ਇੱਥੋਂ ਦੇ ਨਵਾਂ ਗਰਾਓਂ ਇਲਾਕੇ ਵਿੱਚ ਕਰੋਨਾਵਾਇਰਸ ਦੇ 14 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਦਸਮੇਸ਼ ਨਗਰ ਅਤੇ ਗੋਬਿੰਦ ਨਗਰ ਨੂੰ ‘ਮਾਈਕਰੋ ਕੰਟੇਨਮੈਂਟ ਜ਼ੋਨ’ ਬਣਾਇਆ ਗਿਆ ਹੈ। ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਨੇ ਜਾਇਜ਼ਾ ਲੈਣ ਮਗਰੋਂ ਦੱਸਿਆ ਕਿ ਦਸਮੇਸ਼ ਨਗਰ ਦੇ ਡਾਕਘਰ ਵਾਲੀ ਗਲੀ ’ਚ ਅੱਠ ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਪੂਰੇ ਮੁਹੱਲੇ ਨੂੰ ‘ਮਾਈਕਰੋ ਕੰਟੇਨਮੈਂਟ’ ਜ਼ੋਨ ਬਣਾਇਆ ਗਿਆ ਹੈ, ਜਦਕਿ ਗੋਬਿੰਦ ਨਗਰ ਦੇ ਸੈਂਚਰੀ ਸਕੂਲ ਨੇੜਲੇ ਘਰਾਂ ਵਿੱਚ 6 ਕੇਸ ਸਾਹਮਣੇ ਆਏ ਹਨ। ਇਸ ਨੂੰ ਵੀ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਬਦਲਿਆ ਗਿਆ ਹੈ।
ਖਰੜ (ਪੱਤਰ ਪ੍ਰੇਰਕ): ਸ਼ਹਿਰ ਵਿੱਚ ਕਰੋਨਾ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਐੱਸਐੱਮਓ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਅੱਜ ਵੀ ਖਰੜ ਵਿੱਚ 27 ਕੇਸ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਹਤ ਵਿਭਾਗ ਵੱਲੋਂ 72 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।
ਬਨੂੜ (ਪੱਤਰ ਪ੍ਰੇਰਕ): ਗਿਆਨ ਸਾਗਰ ਹਸਪਤਾਲ ਵਿੱਚ ਪਿੰਡ ਦੱਪਰ (ਡੇਰਾਬੱਸੀ) ਦੀ ਵਸਨੀਕ ਮਹਿੰਦਰ ਕੌਰ (53 ਸਾਲ) ਦੀ ਮੌਤ ਹੋ ਗਈ। ਮ੍ਰਿਤਕ ਕਰੋਨਾ ਤੋਂ ਪੀੜਤ ਸੀ ਤੇ ਪਿਛਲੇ ਕਈ ਦਿਨਾਂ ਤੋਂ ਹਸਪਤਾਲ ’ਚ ਜ਼ੇਰੇ ਇਲਾਜ ਸੀ। ਗਿਆਨ ਸਾਗਰ ਵਿੱਚ ਇਲਾਜ ਅਧੀਨ 80 ਤੋਂ ਵਧੇਰੇ ਕਰੋਨਾ ਪੀੜਤ ਮਰੀਜ਼ਾਂ ਵਿੱਚੋਂ 30 ਦੇ ਕਰੀਬ ਮਰੀਜ਼ਾਂ ਨੂੰ ਆਕਸੀਜਨ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਇੱਥੋਂ ਦਾ ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਵੀ ਕਰੋਨਾ ਤੋਂ ਪੀੜਤ ਹੈ ਤੇ ਹਸਪਤਾਲ ਵਿਚ ਹੀ ਜ਼ੇਰੇ ਇਲਾਜ ਹੈ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਐੱਸਐੱਮਓ ਡਾ. ਰਵਿੰਦਰ ਕੌਰ ਚਨਾਰਥਲ ਕਲਾਂ ਤੇ ਮੈਡੀਕਲ ਅਫ਼ਸਰ ਡਾ. ਜਤਿੰਦਰਜੀਤ ਸਿੰਘ ਰੂਰਲ ਹਸਪਤਾਲ ਮਾਲੋਵਾਲ ਦੀਆਂ ਹਦਾਇਤਾਂ ਅਨੁਸਾਰ ਪਿੰਡ ਭਾਂਬਰੀ ਦੇ ਸਰਕਾਰੀ ਐਲੀਮੈਟਰੀ ਸਕੂਲ ਵਿਖੇ ਹੈਲਥ ਐਂਡ ਵੈਲਨੈਂਸ ਸੈਂਟਰ ਮਛਰਾਂਏ ਕਲਾਂ ਦੀ ਟੀਮ ਵੱਲੋਂ ਪਰਵਾਸੀ ਮਜ਼ਦੂਰਾਂ ਦੇ ਕਰੋਨਾ ਟੈਸਟ ਆਰਏਟੀ ਕਿੱਟ ਰਾਹੀਂ ਕੀਤੇ ਗਏ। ਇਸ ਮੌਕੇ ਮੁਲਾਜ਼ਮਾਂ ਨੇ ਦੱਸਿਆ ਕਿ ਝੌਨੇ ਦੀ ਕਟਾਈ ਕਰਨ ਲਈ ਆਏ 38 ਪਰਵਾਸੀ ਮਜ਼ਦੂਰਾਂ ਵਿਚੋਂ ਸਭ ਦੀ ਰਿਪੋਰਟ ਨੈਗੇਟਿਵ ਆਈ ਹੈ।
ਯੋਧਿਆਂ ਦੇ ਸਨਮਾਨ ਵਿੱਚ ਹਾਫ਼ ਮੈਰਾਥਨ
ਐਸਏਐਸ ਨਗਰ (ਖੇਤਰੀ ਪ੍ਰਤੀਨਿਧ): ਫੇਜ਼ ਗਿਆਰਾਂ ਦੇ ਆਰਟਸਟਿਕ ਡਾਂਸ ਸਟੂਡੀਓ ਵੱਲੋਂ ਮੁਹਾਲੀ ਵਿਚ ਹਾਫ਼ ਮੈਰਾਥਨ ਕਰਵਾਈ ਗਈ। ਸਟੂਡੀਓ ਦੇ ਅਧਿਆਪਕ ਜੈਵੀਰ ਸਿੰਘ ਨੇ ਦੱਸਿਆ ਕਿ ਦੇਸ਼ ਦੇ ਡਾਕਟਰਾਂ, ਨਰਸਾਂ, ਮੈਡੀਕਲ ਸਟਾਫ਼, ਪੁਲੀਸ ਪ੍ਰਸ਼ਾਸਨ, ਸਮਾਜ ਸੇਵੀਆਂ ਅਤੇ ਸਿਵਲ ਪ੍ਰਸ਼ਾਸ਼ਨ ਮੁਲਾਜ਼ਮ ਜੋ ਕਰੋਨਾ ਖ਼ਿਲਾਫ਼ ਜੰਗ ਲੜ੍ਹ ਰਹੇ ਹਨ, ਦੇ ਸਨਮਾਨ ਵਿੱਚ ਦੌੜ ਆਯੋਜਿਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜੇਤੂਆਂ ਨੂੰ ਸਰਟੀਫ਼ਿਕੇਟ ਅਤੇ ਹੋਰ ਇਨਾਮ ਦਿੱਤੇ ਗਏ।