ਆਤਿਸ਼ ਗੁਪਤਾ
ਚੰਡੀਗੜ੍ਹ, 21 ਜੂਨ
ਸਿਟੀ ਬਿਊਟੀਫੁੱਲ ਵਿੱਚ ਮੌਜੂਦਾ ਵਰ੍ਹੇ ਦੇ ਪਹਿਲੇ ਸੂਰਜ ਗ੍ਰਹਿਣ ਕਾਰਨ ਅੱਜ ਦਿਨ ਵੇਲੇ ਹੀ ਕੁਝ ਸਮੇਂ ਲਈ ਹਨੇਰਾ ਪਸਰ ਗਿਆ। ਸਵੇਰੇ 10.19 ’ਤੇ ਸ਼ੁਰੂ ਹੋਇਆ ਸੂਰਜ ਗ੍ਰਹਿਣ ਬਾਅਦ ਦੁਪਹਿਰ 2.02 ਮਿੰਟ ਤੱਕ ਜਾਰੀ ਰਿਹਾ। ਹਿੰਦੂ ਧਰਮ ਅਨੁਸਾਰ ਸੂਤਕ ਕਾਲ ਬੀਤੀ ਰਾਤ ਨੂੰ 10 ਵਜੇ ਹੀ ਲੱਗ ਗਿਆ ਸੀ, ਜਿਸ ਕਰਕੇ ਮੰਦਰਾਂ ਦੇ ਦਰਵਾਜ਼ੇ ਊਸੇ ਰਾਤ ਨੂੰ ਬੰਦ ਕਰ ਦਿੱਤੇ ਗਏ ਸਨ। ਮੰਦਰਾਂ ਦੇ ਕਪਾਟ ਗ੍ਰਹਿਣ ਤੋਂ ਬਾਅਦ ਖੋਲ੍ਹੇ ਗਏ।
ਐਤਵਾਰ ਨੂੰ ਸੂਰਜ ਗ੍ਰਹਿਣ ਵੇਲੇ ਚੰਡੀਗੜ੍ਹ ਵਿੱਚ ਬੱਦਲਵਾਈ ਸੀ ਜਿਸ ਕਰਕੇ ਗ੍ਰਹਿਣ ਦਾ ਜਾਇਜ਼ਾ ਲੈਣ ਵਾਲੇ ਲੋਕਾਂ ’ਚ ਨਿਰਾਸ਼ਾ ਪਸਰ ਗਈ। ਦੁਪਹਿਰ ਇਕ ਵਜੇ ਦੇ ਕਰੀਬ ਜਿਵੇਂ ਹੀ ਬੱਦਲ ਸਾਫ਼ ਹੋਏ ਤਾਂ ਸੂਰਜ ਗ੍ਰਹਿਣ ਸਾਫ਼ ਦਿਖਾਈ ਦੇਣ ਲੱਗ ਪਿਆ ਤੇ ਲੋਕਾਂ ਦਾ ਉਤਸ਼ਾਹ ਵੀ ਵੱਧ ਗਿਆ। ਲੋਕਾਂ ਨੇ ਸਾਵਧਾਨੀ ਵਰਤਦਿਆਂ ਐਂਟੀ ਗਲੇਅਰ ਯੰਤਰਾਂ ਦਾ ਇਸਤੇਮਾਲ ਕਰਦਿਆਂ ਗ੍ਰਹਿਣ ਦੀਆਂ ਤਸਵੀਰਾਂ ਵੀ ਖਿੱਚੀਆਂ।
ਗ੍ਰਹਿਣ ਦੌਰਾਨ ਜਿਵੇਂ-ਜਿਵੇਂ ਸੂਰਜ ਅਤੇ ਪ੍ਰਿਥਵੀ ਵਿਚਕਾਰ ਚੰਦ ਆਉਂਦਾ ਰਿਹਾ ਤਾਂ ਸੂਰਜ ਲੁੱਕਦਾ ਗਿਆ ਤੇ ਊਸ ਦਾ ਆਕਾਰ ਛੋਟਾ ਹੁੰਦਾ ਨਜ਼ਰ ਆਇਆ। ਇਸ ਦੌਰਾਨ ਸ਼ਹਿਰ ਵਿੱਚ ਹਨੇਰਾ ਹੁੰਦਾ ਗਿਆ ਤੇ ਗ੍ਰਹਿਣ ਖਤਮ ਹੁੰਦਿਆਂ ਹੀ ਸੂਰਜ ਨੇ ਸ਼ਹਿਰ ਵਿੱਚ ਚਾਨਣਾ ਬਿਖੇਰ ਦਿੱਤਾ। ਗ੍ਰਹਿਣ ਕਾਰਨ ਲੋਕ ਸੜਕਾਂ ’ਤੇ ਬਹੁਤ ਘੱਟ ਵਿਖਾਈ ਦਿੱਤੇ।
ਇਸ ਸਬੰਧੀ ਪੰਡਿਤ ਰਾਮ ਕਰਨ ਨੇ ਕਿਹਾ ਕਿ ਸੂਰਜ ਗ੍ਰਹਿਣ ਦੌਰਾਨ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਘਰ ਵਿੱਚ ਬੈਠ ਕੇ ਭਗਵਾਨ ਦਾ ਧਿਆਨ ਕਰਨਾ ਚਾਹੀਦਾ ਹੈ।
ਗ੍ਰਹਿਣ ਤੇ ਕਰੋਨਾਵਾਇਸ ਦਾ ਕੋਈ ਸਬੰਧ ਨਹੀਂ: ਪੀਯੂ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਦੇ ਫਿਜ਼ਿਕਿਸ ਵਿਭਾਗ ਨੇ ਸੂਰਜ ਗ੍ਰਹਿਣ ਨੂੰ ਦੂਰਬੀਨ ਰਾਹੀਂ ਵੇਖਿਆ। ਵਿਭਾਗ ਦੇ ਪ੍ਰੋਫ਼ੈਸਰ ਸੰਦੀਪ ਸਹਿਜਪਾਲ ਨੇ ਦੱਸਿਆ ਕਿ ਗ੍ਰਹਿਣ ਦੁਪਹਿਰ 12 ਵਜੇ ਦੇ ਕਰੀਬ ਆਪਣੇ ਸਿਖਰ ’ਤੇ ਪਹੁੰਚ ਗਿਆ ਸੀ। ਗ੍ਰਹਿਣ ਨੂੰ ਦੂਰਬੀਨ ਦੇ ਪ੍ਰੋਜੈਕਸ਼ਨ ਮੋਡ ਵਿੱਚ ਵੇਖਿਆ ਗਿਆ ਸੀ ਜਿਸ ਨਾਲ ਚਿੱਤਰਾਂ ਨੂੰ ਸਕਰੀਨ ’ਤੇ ਪੇਸ਼ ਕੀਤਾ ਗਿਆ। ਇਹ ਚਿੱਤਰ ਚੰਦਰਮਾ ਵੱਲੋਂ ਸੂਰਜ ਨੂੰ ਅੰਸ਼ਕ ਤੌਰ ’ਤੇ ਰੋਕਣਾ ਦਰਸਾਉਂਦੇ ਹਨ। ਪ੍ਰੋ. ਸੰਦੀਪ ਨੇ ਦੱਸਿਆ ਕਿ ਗ੍ਰਹਿਣ ਕਿਸੇ ਵੀ ਵਿਅਕਤੀ ਉੱਤੇ ਚੰਗਾ ਜਾਂ ਮਾੜਾ ਪ੍ਰਭਾਵ ਨਹੀਂ ਪਾਉਂਦਾ। ਗ੍ਰਹਿਣ ਅਤੇ ਕਰੋਨਾਵਾਇਰਸ ਵਿਚਕਾਰ ਵੀ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਗ੍ਰਹਿਣ ਇਕ ਖੁਗੋਲਿਕ ਘਟਨਾ ਹੈ ਜੋ ਅਕਸਰ ਵਾਪਰਦੀ ਰਹਿੰਦੀ ਹੈ।