ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 5 ਫਰਵਰੀ
ਪਿੰਡ ਦਾਊਂ ਦੀਆਂ ਕੁੱਝ ਧਿਰਾਂ ਨੇ ਕੌਮੀ ਮਾਰਗ ਤੋਂ ਰਸਤਾ ਨਾ ਛੁਡਾਏ ਜਾਣ ਕਾਰਨ ਤਿੰਨ ਪ੍ਰਮੁੱਖ ਰਾਜਸੀ ਪਾਰਟੀਆਂ ਦੇ ਬਾਈਕਾਟ ਦਾ ਪਿੰਡ ਦੀ ਪੰਚਾਇਤ ਨੇ ਵਿਰੋਧ ਕੀਤਾ ਹੈ। ਜਦਕਿ ਇੱਥੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਇਸ ਮੌਕੇ ਦਾਊਂ ਦੇ ਸਰਪੰਚ ਅਜਮੇਰ ਸਿੰਘ, ਰਾਏਪੁਰ ਦੇ ਸਰਪੰਚ ਮੋਹਨ ਸਿੰਘ ਅਤੇ ਦਾਊਂ ਦੇ ਪੰਚਾਂ ਚਰਨਜੀਤ ਸਿੰਘ, ਗੁਰਮੀਤ ਸਿੰਘ, ਪ੍ਰਮੋਦ ਕੁਮਾਰ, ਜਸਵੰਤ ਸਿੰਘ, ਸਲੀਮ ਖਾਂ ਅਤੇ ਹੋਰ ਮੋਹਤਬਰਾਂ ਨੇ ਕਿਹਾ ਕਿ ਹਰੇਕ ਰਾਜਸੀ ਪਾਰਟੀ ਨੂੰ ਪਿੰਡ ਵਿਚ ਚੋਣ ਪ੍ਰਚਾਰ ਕਰਨ ਦਾ ਪੂਰਨ ਹੱਕ ਹੈ ਅਤੇ ਗਰਾਮ ਪੰਚਾਇਤ ਸਭ ਦਾ ਸਵਾਗਤ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਬਲਬੀਰ ਸਿੰਘ ਸਿੱਧੂ ਵਲੋਂ ਪਿੰਡ ’ਚ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦਾਊਂ ਵਿਖੇ ਐਨਐਚ-21 ਉਪਰ ਪੁੱਲ ਬਣਨ ਨਾਲ ਜਿੱਥੇ ਰੋਜ਼ਾਨਾ ਸੜਕੀ ਦੁਰਘਟਨਾਵਾਂ ਘਟੀਆਂ ਹਨ, ਉਥੇ ਹੀ ਪਿੰਡ ਨੂੰ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਇਸ ਦਾ ਫਾਇਦਾ ਪੁੱਜਾ ਹੈ।