ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਜੁਲਾਈ
ਇੱਥੋਂ ਦੇ ਕਾਰਮਲ ਕਾਨਵੈਂਟ ਸਕੂਲ ਸੈਕਟਰ 9 ਵਿੱਚ ਦਰੱਖ਼ਤ ਡਿੱਗਣ ਦੇ ਮਾਮਲੇ ਤੋਂ ਬਾਅਦ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਦਾ ਮੁੱਦਾ ਭਖ਼ ਗਿਆ ਹੈ ਪਰ ਕਈ ਸਰਕਾਰੀ ਸਕੂਲਾਂ ਵਿੱਚ ਬਿਜਲੀ ਟਰਾਂਸਫਾਰਮਰ, ਲਟਕਦੀਆਂ ਤਾਰਾਂ, ਖੰਭੇ ਤੇ ਹੋਰ ਸਮੱਸਿਆਵਾਂ ਦਰਪੇਸ਼ ਹਨ। ਮੌਨਸੂਨ ਦੀ ਆਮਦ ਤੋਂ ਬਾਅਦ ਮੀਂਹ ਵਿੱਚ ਖਤਰਾ ਹੋਰ ਵੀ ਵਧ ਜਾਂਦਾ ਹੈ ਜਿਸ ਕਾਰਨ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ ਪਰ ਅਧਿਕਾਰੀ ਤੇ ਬਿਜਲੀ ਵਿਭਾਗ ਇਸ ਸਮੱਸਿਆ ਦਾ ਹੱਲ ਨਹੀਂ ਲੱਭ ਰਹੇ। ਜਾਣਕਾਰੀ ਅਨੁਸਾਰ ਸਰਕਾਰੀ ਮਾਡਲ ਹਾਈ ਸਕੂਲ ਬਹਿਲਾਣਾ ਦੇ ਖੇਤਰ ਅੰਦਰ ਬਿਜਲੀ ਦਾ ਟਰਾਂਸਫਾਰਮਰ ਹੈ। ਇਸ ਟਰਾਂਸਫਾਰਮਰ ਨੂੰ ਹਟਾਉਣ ਲਈ ਸਕੂਲ ਦੇ ਪ੍ਰਿੰਸੀਪਲ ਕਈ ਵਾਰ ਵਿਭਾਗ ਨੂੰ ਸੂਚਿਤ ਕਰ ਚੁੱਕੇ ਹਨ। ਇਸ ਸਬੰਧ ਵਿੱਚ ਹਾਲ ਹੀ ’ਚ ਪ੍ਰਿੰਸੀਪਲ ਵੱਲੋਂ ਪੱਤਰ ਲਿਖਿਆ ਗਿਆ ਹੈ ਕਿ ਇਸ ਟਰਾਂਸਫਾਰਮਰ ਨੂੰ ਜਲਦੀ ਇਸ ਸਕੂਲ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਂ ’ਤੇ ਲਾਇਆ ਜਾਵੇ ਕਿਉਂਕਿ ਇੱਥੇ 1500 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਤੇ ਇਸ ਟਰਾਂਸਫਾਰਮਰ ਕਾਰਨ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ ਪਰ ਇਹ ਸਮੱਸਿਆ ਜਿਉਂ ਦੀ ਤਿਉਂ ਹੈ।
ਕਈ ਸਰਕਾਰੀ ਸਕੂਲਾਂ ਵਿੱਚ ਬਿਜਲੀ ਦੇ ਖੰਭੇ ਹਨ ਤੇ ਕਈ ਸਕੂਲਾਂ ਵਿੱਚ ਤਾਰਾਂ ਕਾਫੀ ਹੇਠਾਂ ਲਟਕ ਰਹੀਆਂ ਹਨ, ਇਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲ ਕਲੋਨੀਆਂ ਤੇ ਪੈਰੀਫੇਰੀ ਖੇਤਰਾਂ ’ਚ ਹਨ। ਇਹ ਸਕੂਲ ਕਰਸਾਨ, ਖੁੱਡਾ ਅਲੀ ਸ਼ੇਰ, ਕੈਂਬਵਾਲਾ ਤੇ ਰਾਮ ਦਰਬਾਰ ਖੇਤਰ ਵਿੱਚ ਹਨ। ਦੂਜੇ ਪਾਸੇ ਬਿਜਲੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਪੰਜ ਟਰਾਂਸਫਾਰਮਰ ਹਨ ਜਿਨ੍ਹਾਂ ਵਿੱਚੋਂ ਚਾਰ ਅਣ-ਅਧਿਕਾਰਤ ਥਾਵਾਂ ’ਤੇ ਹਨ। ਇਸ ਸਕੂਲ ਤੋਂ ਟਰਾਂਸਫਾਰਮਰ ਬਾਹਰ ਕਢਵਾਉਣ ਤੇ ਹੋਰ ਥਾਂ ’ਤੇ ਲਗਵਾਉਣ ਲਈ ਜ਼ਮੀਨ ਨਹੀਂ ਦਿੱਤੀ ਜਾ ਰਹੀ ਪਰ ਇਸ ਸਮੱਸਿਆ ਦਾ ਜਲਦੀ ਹੱਲ ਕੱਢਿਆ ਜਾਵੇਗਾ।
ਸਮੱਸਿਆ ਦਾ ਜਲਦੀ ਹੀ ਹੱਲ ਕਰਾਂਗੇ: ਅਧਿਕਾਰੀ
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਇਸ ਸਕੂਲ ਦਾ ਦੌਰਾ ਕੀਤਾ ਸੀ ਤੇ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਉਹ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰਵਾਉਣਗੇ।