ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 12 ਜਨਵਰੀ
ਪੰਜਾਬ ਦੀਆਂ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ’ਤੇ ਅਧਾਰਿਤ ਜੁਝਾਰੂ ਅਤੇ ਕਿਰਤੀ ਮਜ਼ਦੂਰ ਜਥੇਬੰਦੀਆਂ ਨੇ ਕਿਸਾਨਾਂ ਤੋਂ ਕਿਨਾਰਾ ਕਰਦਿਆਂ ਆਪਣੇ ਬਲਬੂਤੇ ’ਤੇ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਖਿੱਚ ਲਈ ਹੈ। ਅੱਜ ਇੱਥੇ ਪਿੰਡ ਕੁੰਭੜਾ ਦੀ ਧਰਮਸ਼ਾਲਾ ਵਿੱਚ ਹੋਈ ਕਾਨਫਰੰਸ ਵਿੱਚ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਬਾਜ਼ੀਗਰ (ਵਣਜਾਰਾ) ਸਮਾਜ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਮਾ. ਬਲਵਿੰਦਰ ਸਿੰਘ ਸੰਗਰੂਰ, ਸਰਵ-ਸ਼ੋਸ਼ਿਤ ਸਮਾਜ ਸੰਘ ਪੰਜਾਬ ਦੇ ਪ੍ਰਧਾਨ ਲਖਬੀਰ ਸਿੰਘ ਬਡਾਲਾ, ਰਾਸ਼ਟਰੀ ਬਾਲਮੀਕ ਸਭਾ ਕੌਮੀ ਪ੍ਰਧਾਨ ਕੁਲਦੀਪ ਸਿੰਘ ਸਹੋਤਾ, ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਪ੍ਰਧਾਨ ਦੇਵਿੰਦਰ ਕੌਰ ਅਮਰਗੜ੍ਹ, ਨੈਸ਼ਨਲ ਜਾਗ੍ਰਿਤ ਪਾਰਟੀ ਪੰਜਾਬ ਦੇ ਪ੍ਰਧਾਨ ਲਖਵੀਰ ਸਿੰਘ ਰਾਜਧਨ ਟਾਂਡਾ, ਸੋਸ਼ਲ ਵੈੱਲਫੇਅਰ ਫਰੰਟ ਪੰਜਾਬ ਦੇ ਪ੍ਰਧਾਨ ਸ਼ਿਵੰਦਰ ਸਿੰਘ ਲੱਖੋਵਾਲ ਅਤੇ ਰਾਸ਼ਟਰੀ ਫਰੀਡਮ ਫਾਈਟਰ ਜਥੇਬੰਦੀ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਹਰਗਣਾ ਸਮੇਤ ਹੋਰਨਾਂ ਜਥੇਬੰਦੀਆਂ ਨੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰ ਕੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ, ਲਖਵੀਰ ਸਿੰਘ ਬਡਾਲਾ ਅਤੇ ਹਰਨੇਕ ਸਿੰਘ ਨੰਡਿਆਲੀ ਨੇ ਕਿਹਾ ਕਿ ਖੇਤੀ ਕਾਲੇ ਕਾਨੂੰਨਾਂ ਖ਼ਿਲਾਫ਼ ਵਿੱਢੇ ਗਏ ਸੰਘਰਸ਼ ਵਿੱਚ ਦਲਿਤਾਂ ਅਤੇ ਮਜ਼ਦੂਰਾਂ ਨੇ ਪੂਰਾ ਸਾਥ ਦਿੱਤਾ ਅਤੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਮਜ਼ਦੂਰ-ਏਕਤਾ ਦਾ ਨਾਅਰਾ ਮਾਰਿਆ ਪਰ ਕੇਂਦਰ ਸਰਕਾਰ ਨਾਲ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਕਿਸਾਨਾਂ ਨੇ ਕਦੇ ਵੀ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਕਿਸਾਨਾਂ ਨੇ ਮਜ਼ਦੂਰਾਂ ਨਾਲ ਖਿਲਵਾੜ ਕੀਤਾ ਹੈ ਅਤੇ ਹੁਣ ਚੋਣ ਲੜਨ ਦੇ ਮੁੱਦੇ ’ਤੇ ਵੀ ਮਜ਼ਦੂਰਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ।
ਆਗੂਆਂ ਨੇ ਕਿਹਾ ਕਿ ਦਲਿਤ ਵਰਗ ਅਤੇ ਮਜ਼ਦੂਰਾਂ ਨੇ ਹੁਣ ਸਾਂਝੀ ਜਥੇਬੰਦੀ ਦਾ ਗਠਨ ਕਰ ਕੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਅਤੇ ਮੁੱਖ ਮੰਤਰੀ ਦਾ ਚਿਹਰਾ ਵੀ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀਆਂ ’ਚੋਂ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੀ ਇੱਕ ਕੋਰ ਕਮੇਟੀ ਬਣਾਈ ਜਾਵੇਗੀ ਜੋ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰੇਗੀ।