ਪੱਤਰ ਪ੍ਰੇਰਕ
ਬਨੂੜ, 21 ਸਤੰਬਰ
ਰਾਜਪੁਰਾ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਿੰਡ ਬੁੱਢਣਪੁਰ ਵਿਖੇ ਦਲਿਤ ਭਾਈਚਾਰੇ ਦੀ ਧਰਮਸ਼ਾਲਾ ਦਾ ਕੰਮ ਆਰੰਭ ਕਰਾਇਆ। ਇਸ ਮੌਕੇ ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 23 ਲੱਖ ਦੀ ਰਾਸ਼ੀ ਦਾ ਚੈੱਕ ਵੀ ਸੌਂਪਿਆ। ਉਨ੍ਹਾਂ ਪਿੰਡ ਦੇ ਸੌ ਸਾਲ ਦੀ ਉਮਰ ਪੂਰੀ ਕਰ ਚੁੱਕੇ ਇੱਕ ਬਜ਼ੁਰਗ ਤੋਂ ਆਸ਼ੀਰਵਾਦ ਵੀ ਲਿਆ।
ਸ੍ਰੀ ਕੰਬੋਜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਿਛਲੇ ਸਾਢੇ ਚਾਰ ਸਾਲ ਦੌਰਾਨ ਕੀਤੇ ਕੰਮ ਗਿਣਾਏ। ਉਨ੍ਹਾਂ ਦਾਅਵਾ ਕੀਤਾ ਹਲਕੇ ਵਿੱਚ ਰਿਕਾਰਡ ਵਿਕਾਸ ਹੋਇਆ ਹੈ ਤੇ ਅਗਲੇ ਸਮੇਂ ਵਿੱਚ ਵੀ ਕੰਮ ਜਾਰੀ ਰਹਿਣਗੇ। ਉਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਆਰੰਭੀਆਂ ਹੋਈਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਫ਼ਾਇਦਾ ਲੈਣ ਦੀ ਸਲਾਹ ਦਿੱਤੀ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਵਸਨੀਕਾਂ ਤੋਂ ਇਲਾਵਾ ਨੈਬ ਸਿੰਘ ਸਰਪੰਚ ਮਨੌਲੀ ਸੂਰਤ ਵੀ ਮੌਜੂਦ ਸਨ।