ਪੱਤਰ ਪ੍ਰੇਰਕ
ਚੰਡੀਗੜ੍ਹ, 28 ਮਈ
ਚੰਡੀਗੜ੍ਹ ਪੈਰੀਫੇਰੀ ਮਿਲਕਮੈਨ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਸੈਕਟਰ-40 ਵਿੱਚ ਹੋਈ, ਜਿਸ ਵਿੱਚ ਦੁੱਧ ਉਤਪਾਦਕਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਯੂਨੀਅਨ ਦੇ ਸਰਪ੍ਰਸਤ ਹਾਕਮ ਸਿੰਘ ਮਨਾਣਾ, ਪਰਮਜੀਤ ਸਿੰਘ ਪ੍ਰਧਾਨ ਚੰਡੀਗੜ੍ਹ, ਜਸਮੇਰ ਗਿਰੀ ਪ੍ਰਧਾਨ ਮੁਹਾਲੀ, ਬਲਜੀਤ ਸਿੰਘ ਪ੍ਰਧਾਨ ਖਰੜ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਦੋਧੀਆਂ ਨੇ ਜਿੱਥੇ ਇਸ ਸੀਜ਼ਨ ਵਿੱਚ ਪੰਜਾਬ ਤੋਂ ਬਾਹਰ ਜਾ ਰਹੀ ਤੂੜੀ ਉਤੇ ਗਹਿਰੀ ਚਿੰਤਾ ਪ੍ਰਗਟਾਈ, ਉਥੇ ਹੀ ਦੇਸ਼ ਵਿੱਚ ਵਧ ਰਹੀ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਕੇਂਦਰ ਵਿਚਲੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਹਿੰਗਾਈ ਕੰਟਰੋਲ ਕਰਨ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਅਨਾਜ ਦੀ ਪ੍ਰਾਪਤੀ ਤੋਂ ਬਾਅਦ ਰਵਾਇਤੀ ਫ਼ਸਲ ਕਣਕ ਤੋਂ ਪ੍ਰਾਪਤ ਤੂੜੀ ਪਸ਼ੂਆਂ ਦੀ ਖਾਦ ਖੁਰਾਕ ਦੇ ਰੂਪ ਵਿੱਚ ਵਰਤੀ ਜਾਂਦੀ ਹੈ ਪਰ ਹੁਣ ਜਦੋਂ ਤੂੜੀ ਦੀ ਵੀ ਘਾਟ ਪੈ ਜਾਵੇ ਤਾਂ ਦੁੱਧ ਉਤਪਾਦਕਾਂ ਦੀਆਂ ਚਿੰਤਾਵਾਂ ਵਧਣੀਆਂ ਸੁਭਾਵਕ ਹਨ।