ਮੁਕੇਸ਼ ਕੁਮਾਰ
ਚੰਡੀਗੜ੍ਹ, 28 ਜਨਵਰੀ
ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਵਿੱਚ ਕੂੜੇ ਦੇ ਢੇਰਾਂ ਨੂੰ ਹਟਾਉਣ ਲਈ ਨਗਰ ਨਿਗਮ ਪੱਬਾਂ ਭਾਰ ਹੈ। ਪਿਛਲੇ ਲਗਪਗ ਚਾਰ ਦਹਾਕਿਆਂ ਤੋਂ ਇਹ ਡੰਪਿੰਗ ਗਰਾਊਂਡ ਚੰਡੀਗੜ੍ਹ ਦੀ ਖੂਬਸੂਰਤੀ ’ਤੇ ਧੱਬਾ ਬਣਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਹਟਾਉਣ ਲਈ ਕੁੱਲ 100 ਕਰੋੜ ਦੀ ਜ਼ਰੂਰਤ ਹੈ। ਇਸ ਖਰਚੇ ਵਿੱਚ 33 ਕਰੋੜ ਰੁਪਏ ਦੀ ਲਾਗਤ ਨਾਲ ਪਹਿਲਾਂ ਤੋਂ ਹੀ ਕੂੜੇ ਦੇ ਇਕ ਢੇਰ ਨੂੰ ਹਟਾਉਣ ਦਾ ਕੰਮ ਜਾਰੀ ਹੈ। ਨਗਰ ਨਿਗਮ ਅਨੁਸਾਰ ਪੰਜ ਲੱਖ ਮੀਟਰਿਕ ਟਨ ਕੂੜੇ ਨੂੰ ਹਟਾਉਣ ਲਈ ਦੋ ਸਾਲ ਪਹਿਲਾਂ ਕੰਮ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ ਇਸ ਢੇਰ ਦਾ 60 ਫ਼ੀਸਦੀ ਕੂੜਾ ਹਟਾਇਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਬਾਕੀ ਬਚੇ 40 ਫ਼ੀਸਦੀ ਕੂੜੇ ਨੂੰ ਹਟਾਉਣ ਲਈ ਕੰਪਨੀ ਨੂੰ 30 ਮਾਰਚ 2023 ਤੱਕ ਮੋਹਲਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਥੇ ਬਣੇ ਨਵੇਂ ਢੇਰ ਨੂੰ ਖ਼ਤਮ ਕਰਨ ਲਈ ਨਗਰ ਨਿਗਮ ਨੂੰ 77 ਕਰੋੜ ਰੁਪਏ ਦੀ ਰਾਸ਼ੀ ਚਾਹੀਦੀ ਹੈ। ਇਸ ਮੰਤਵ ਲਈ ਚੰਡੀਗੜ੍ਹ ਨਿਗਮ ਨੇ ਕੇਂਦਰ ਸਰਕਾਰ ਤੋਂ ‘ਸਵੱਛ ਭਾਰਤ ਮਿਸ਼ਨ’ ਤਹਿਤ ਫੰਡ ਮੰਗਿਆ ਹੈ। ਇਸ ਟਿੱਬੇ ਵਿੱਚ 7.67 ਲੱਖ ਮੀਟਰਿਕ ਟਨ ਕੂੜਾ ਹੈ। ਇਸ ਕੂੜੇ ਦੇ ਢੇਰ ਨੂੰ ਖਤਮ ਕਰਨ ਲਈ ਇਸ ਮਹੀਨੇ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਖਰੜਾ ਪਾਸ ਵੀ ਹੋ ਚੁੱਕਾ ਹੈ।
ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਡੰਪਿੰਗ ਗਰਾਊਂਡ ਵਿੱਚ ਪਹਿਲਾਂ ਤੋਂ ਇਕੱਠੇ ਹੋਏ ਪੰਜ ਲੱਖ ਮਿਟਰਿਕ ਟਨ ਕੂੜੇ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ ਤੇ ਲਗਪਗ 60 ਫ਼ੀਸਦੀ ਕੰਮ ਹੋ ਚੁੱਕਾ ਹੈ। ਇਹ ਕੰਮ 30 ਮਾਰਚ 2023 ਤੱਕ ਪੂਰਾ ਹੋ ਜਾਵੇਗਾ। ਬਾਕੀ 7.67 ਲੱਖ ਟਨ ਕੂੜੇ ਦਾ ਜੋ ਨਵਾਂ ਢੇਰ ਹੈ, ਉਸ ਨੂੰ ਹਟਾਉਣ ਲਈ ਕੇਂਦਰ ਸਰਕਾਰ ਤੋਂ 77 ਕਰੋੜ ਰੁਪਏ ਦਾ ਫੰਡ ਮੰਗਿਆ ਹੈ।
ਗਾਰਬੇਜ ਪ੍ਰੋਸੈਸਿੰਗ ਪਲਾਂਟ ਦੀ ਮੁਰੰਮਤ ਲਈ ਛੇ ਕਰੋੜ ਦਾ ਪ੍ਰਬੰਧ
ਨਗਰ ਨਿਗਮ ਨੇ ਲਗਪਗ ਠੱਪ ਪਏ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੀ ਮੁਰੰਮਤ ਲਈ ਵੀ ਛੇ ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਬੰਧ ਕੀਤਾ ਹੈ। ਇਸ ਪਲਾਂਟ ਦੀ ਮਸ਼ੀਨਰੀ ਕੰਡਮ ਹੋ ਚੁੱਕੀ ਹੈ। ਇਸ ਕਾਰਨ ਸ਼ਹਿਰ ਵਿਚੋਂ ਰੋਜ਼ਾਨਾ ਨਿਕਲਣ ਵਾਲੇ ਲਗਪਗ 500 ਟਨ ਕੂੜਾ ਡੰਪਿੰਗ ਗਰਾਊਂਡ ਵਿੱਚ ਹੀ ਸੁੱਟਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 19 ਜੂਨ 2020 ਨੂੰ ਨਗਰ ਨਿਗਮ ਨੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਜੈ ਪ੍ਰਕਾਸ਼ ਕੰਪਨੀ ਤੋਂ ਵਾਪਸ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਪਰ ਨਗਰ ਨਿਗਮ ਵੀ ਮਸ਼ੀਨਰੀ ਕੰਡਮ ਹੋਣ ਕਾਰਨ ਇਸ ਪਲਾਂਟ ਨੂੰ ਨਹੀਂ ਚਲਾ ਸਕਿਆ ਹੈ। ਅਜਿਹੇ ਵਿੱਚ ਜੇਕਰ ਕੇਂਦਰ ਸਰਕਾਰ ਤੋਂ ਨਗਰ ਨਿਗਮ ਨੂੰ 77 ਕਰੋੜ ਦੀ ਰਾਸ਼ੀ ਮਿਲ ਵੀ ਜਾਂਦੀ ਹੈ, ਤਾਂ ਵੀ ਡੰਪਿਗ ਗਰਾਊਂਡ ਦੀ ਸਮੱਸਿਆ ਦੇ ਹੱਲ ਲਈ ਘੱਟ ਤੋਂ ਘੱਟ ਪੰਜ ਸਾਲ ਦਾ ਸਮਾਂ ਲੱਗ ਜਾਵੇਗਾ। ਜ਼ਿਕਰਯੋਗ ਹੈ ਕਿ ਸਵੱਛਤਾ ਸਰਵੇਖਣ ਵਿੱਚ ਚੰਡੀਗੜ੍ਹ ਦੇ ਪਛੜਣ ਦਾ ਵੱਡਾ ਕਾਰਨ ਡੰਪਿੰਗ ਗਰਾਊਂਡ ਹੈ। ਲਗਪਗ 45 ਏਕੜ ਰਕਬੇ ਵਿੱਚ ਫੈਲੇ ਇਸ ਡੰਪਿੰਗ ਗਰਾਊਂਡ ਵਿੱਚ 7.67 ਲੱਖ ਮਿਟਰਿਕ ਟਨ ਕੂੜੇ ਦਾ ਲਗਪਗ 10 ਮੀਟਰ ਉਚਾ ਨਵਾਂ ਟਿੱਬਾ ਬਣਿਆ ਹੋਇਆ ਹੈ। ਇਸ ਨੂੰ ਹਟਾਉਣ ਲਈ ਨਗਰ ਨਿਗਮ ਨੂੰ ਅਨੁਮਾਨਤ 77 ਕਰੋੜ ਰੁਪਏ ਚਾਹੀਦੇ ਹਨ।