ਜਗਮੋਹਨ ਸਿੰਘ
ਘਨੌਲੀ, 2 ਜੂਨ
ਇੱਥੇ ਪਿੰਡ ਦਬੁਰਜੀ ਵਿੱਚ ਪਿਛਲੇ ਲਗਭਗ ਸਵਾ ਮਹੀਨੇ ਤੋਂ ਨੇੜਲੇ ਪਿੰਡਾਂ ਦੇ ਲੋਕ ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਦੇ ਪ੍ਰਦੂਸ਼ਣ ਖ਼ਿਲਾਫ਼ ਰੋਸ ਧਰਨੇ ’ਤੇ ਬੈਠੇ ਹਨ, ਪਰ ਕਿਸੇ ਵੀ ਸਿਆਸੀ ਪਾਰਟੀ ਦਾ ਆਗੂ ਧਰਨਾਕਾਰੀਆਂ ਦੀ ਸਾਰ ਲੈਣ ਨਹੀਂ ਬਹੁੜਿਆ। ਧਰਨੇ ਵਿੱਚ ਸ਼ਾਮਿਲ ਤਜਿੰਦਰ ਸਿੰਘ ਸਾਬਕਾ ਸਰਪੰਚ ਲੋਹਗੜ੍ਹ ਫਿੱਡੇ, ਕੁਲਦੀਪ ਸਿੰਘ ਜੇਈ ਘਨੌਲੀ, ਰਾਜਿੰਦਰ ਸਿੰਘ ਘਨੌਲਾ, ਅਮਰਜੀਤ ਕੌਰ ਸਰਪੰਚ ਨੂੰਹੋਂ ਤੇ ਹੋਰਨਾਂ ਨੇ ਦੱਸਿਆ ਕਿ ਅੰਬੂਜਾ ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਦੇ ਪ੍ਰਦੂਸ਼ਣ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਸੀਮਿੰਟ ਫੈਕਟਰੀ ਦੇ ਸੀਮਿੰਟ ਅਤੇ ਕਲਿੰਕਰ ਦੀ ਧੂੜ ਕਾਰਨ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਥਰਮਲ ਪਲਾਂਟ ਦੀਆਂ ਝੀਲਾਂ ਤੋਂ ਸੁਆਹ ਢੋਣ ਵਾਲੇ ਖੁੱਲ੍ਹੀ ਬਾਡੀ ਵਾਲੇ ਟਿੱਪਰਾਂ ਦੀ ਆਵਾਜਾਈ ਤੋਂ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਸੀਮਿੰਟ ਫੈਕਟਰੀ ਤੋਂ ਓਵਰਲੋਡ ਸਾਮਾਨ ਲੈ ਕੇ ਜਾਂਦੇ ਵਾਹਨਾਂ ’ਤੇ ਰੋਕ ਲਗਾਈ ਜਾਵੇ ਅਤੇ ਥਰਮਲ ਪਲਾਂਟ ਦੀਆਂ ਝੀਲਾਂ ਤੋਂ ਰਾਖ ਢੋਣ ਲਈ ਬੰਦ ਬਾਡੀ ਵਾਲੇ ਵਾਹਨਾਂ ਦਾ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਦੂਸ਼ਣ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਵਿਭਾਗ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਕਿਸੇ ਵੀ ਪਾਰਟੀ ਦਾ ਕੋਈ ਸਿਆਸੀ ਆਗੂ ਉਨ੍ਹਾਂ ਦੀ ਗੱਲ ਸੁਣਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਵੋਟਾਂ ਵੇਲੇ ਹਰੇਕ ਪਾਰਟੀ ਦੇ ਆਗੂ ਵੱਡੇ ਵੱਡੇ ਫੋਕੇ ਦਾਅਵੇ ਹੀ ਕਰਦੇ ਹਨ।
ਟਰਾਂਸਪੋਰਟ ਕੰਪਨੀ ਦੇ ਮਾਲਕ ਵੱਲੋਂ ਵਿਸ਼ੇਸ਼ ਪੇਸ਼ਕਸ਼
ਥਰਮਲ ਪਲਾਂਟ ਦੀ ਸੁਆਹ ਢੋਣ ਵਾਲੀ ਟਰਾਂਸਪੋਰਟ ਕੰਪਨੀ ਐੱਨਜੀਆਰ ਦੇ ਮਾਲਕ ਸੁਰਿੰਦਰ ਸਿੰਘ ਨਾਲ ਪੱਖ ਜਾਨਣ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਦੋਸ਼ ਲਗਾਇਆ ਕਿ ਧਰਨਾਕਾਰੀ ਉਨ੍ਹਾਂ ਦੇ ਕੰਮ ਵਿੱਚ ਕਥਿਤ ਤੌਰ ’ਤੇ ਵਿਘਨ ਪਾ ਰਹੇ ਹਨ। ਉਨ੍ਹਾਂ ਨੇ ਧਰਨਾਕਾਰੀਆਂ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਜਿੱਤਣ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਜੇਕਰ ਉਹ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਬੰਦ ਬਾਡੀ ਵਾਲੇ ਬਲਕਰ ਵਿੱਚ ਸੁਆਹ ਭਰ ਕੇ ਉਸ ਨੂੰ ਮੁੜ ਖਾਲੀ ਕਰ ਕੇ ਦਿਖਾ ਦੇਣ ਤਾਂ ਉਹ 5 ਲੱਖ ਰੁਪਏ ਨਕਦ ਇਨਾਮ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਧਰਨਾਕਾਰੀ ਉਨ੍ਹਾਂ ਦਾ ਵਿੱਤੀ ਨੁਕਸਾਨ ਕਰ ਰਹੇ ਹਨ ਜਿਸ ਸਬੰਧੀ ਉਨ੍ਹਾਂ ਨੂੰ ਹਾਈ ਕੋਰਟ ਨੇ ਰਾਹਤ ਦਿੰਦੇ ਹੋਏ ਡੀਜੀਪੀ ਪੰਜਾਬ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਧਰਨਾਕਾਰੀਆਂ ਵੱਲੋਂ ਜਬਰਦਸਤੀ ਗੱਡੀਆਂ ਰੋਕੇ ਜਾਣ ਸਬੰਧੀ ਹੋਏ ਵਿੱਤੀ ਨੁਕਸਾਨ ਦਾ ਉਹ ਵੱਖਰਾ ਕੇਸ ਦਾਇਰ ਕਰਨਗੇ।