ਜਗਮੋਹਨ ਸਿੰਘ
ਘਨੌਲੀ, 26 ਮਈ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਯੂਨਿਟਾਂ ਦੁਆਰਾ ਬਿਜਲੀ ਉਤਪਾਦਨ ਵੇਲੇ ਕੋਇਲਾ ਜਲਣ ਉਪਰੰਤ ਪੈਦਾ ਹੁੰਦੀ ਸੁਆਹ ਦੀ ਖਪਤ ਲਈ ਪਿੰਡ ਦਬੁਰਜੀ ਵਿੱਚ ਅੰਬੂਜਾ ਸੀਮਿੰਟ ਫੈਕਟਰੀ ਲਗਾਈ ਗਈ ਹੈ। ਇਸੇ ਦੌਰਾਨ ਨੇੜਲੇ ਪਿੰਡਾਂ ਦੇ ਲੋਕਾਂ ਨੇ ਪ੍ਰਦੂਸ਼ਣ ਫੈਲਣ ਦੇ ਦੋਸ਼ ਲਗਾਉਂਦੇ ਹੋਏ ਪਿਛਲੇ ਲਗਭਗ ਇੱਕ ਮਹੀਨੇ ਤੋਂ ਪਿੰਡ ਦਬੁਰਜੀ ਵਿੱਚ ਪੱਕਾ ਧਰਨਾ ਲਗਾਇਆ ਹੋਇਆ ਹੈ। ਇਸ ਧਰਨੇ ਕਾਰਨ ਜਿੱਥੇ ਸੀਮਿੰਟ ਫੈਕਟਰੀ ਨੂੰ ਆਪਣਾ ਸੀਮਿੰਟ ਦਾ ਉਤਪਾਦਨ 50 ਫੀਸਦੀ ਤੱਕ ਘਟਾਉਣ ਲਈ ਮਜ਼ਬੂਰ ਹੋਣਾ ਪਿਆ ਹੈ, ਉੱਥੇ ਹੀ ਥਰਮਲ ਪਲਾਂਟ ਰੂਪਨਗਰ ਦੇ ਅਧਿਕਾਰੀ ਬਿਜਲੀ ਉਤਪਾਦਨ ਦੌਰਾਨ ਪੈਦਾ ਹੁੰਦੀ ਸੁਆਹ ਦਾ ਨਿਪਟਾਰਾ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਬੂਜਾ ਸੀਮਿੰਟ ਫੈਕਟਰੀ 1995 ਵਿੱਚ ਪੰਜਾਬ ਸਰਕਾਰ ਦੇ ਸੱਦੇ ’ਤੇ ਥਰਮਲ ਪਲਾਂਟ ਰੂਪਨਗਰ ਦੇ ਕੋਇਲੇ ਤੋਂ ਪੈਦਾ ਹੁੰਦੀ ਸੁਆਹ ਦੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਮੁਕਤੀ ਦਿਵਾਉਣ ਲਈ ਪਿੰਡ ਦਬੁਰਜੀ ਵਿੱਚ ਲਗਾਈ ਗਈ ਸੀ। ਹੁਣ ਇਸ ਫੈਕਟਰੀ ਵਿਰੁੱਧ ਹੀ ਲੋਕ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਲਗਾਉਂਦੇ ਹੋਏ ਸੰਘਰਸ਼ ਕਰਨ ਵਿੱਚ ਜੁਟੇ ਹੋਏ ਹਨ। ਫੈਕਟਰੀ ਵੱਲੋਂ ਸੀਮਿੰਟ ਦਾ ਉਤਪਾਦਨ ਘਟਾਏ ਜਾਣ ਕਾਰਨ ਫੈਕਟਰੀ ਦੇ ਟਰੱਕ ਯਾਰਡਾਂ ਵਿੱਚ ਵਾਹਨ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹਨ। ਗੱਡੀਆਂ ਦੀ ਆਵਾਜਾਈ ਰੁਕ ਜਾਣ ਕਾਰਨ ਟਰਾਂਸਪੋਰਟਰ ਵੀ ਵਿਹਲੇ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਆਪਣੀਆਂ ਗੱਡੀਆਂ ਦੀਆਂ ਕਿਸ਼ਤਾਂ, ਡਰਾਈਵਰਾਂ ਦੀਆਂ ਤਨਖਾਹਾਂ ਤੇ ਦਫਤਰੀ ਖਰਚ ਕੱਢਣੇ ਵੀ ਮੁਸ਼ਕਲ ਹੋ ਚੁੱਕੇ ਹਨ।
ਟਰਾਂਸਪੋਰਟਰ ਧਰਨਾ ਚੁੱਕਣ ਲਈ ਹੋਏ ਸਨ ਮਜਬੂਰ
ਟਰਾਂਸਪੋਰਟਰਾਂ ਵੱਲੋਂ ਵੀ ਮਲਿਕਪੁਰ ਵਿੱਚ ਪੱਕਾ ਧਰਨਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਦਬਾਅ ਅੱਗੇ ਝੁਕਦਿਆਂ ਉਨ੍ਹਾਂ ਨੂੰ ਪਹਿਲੇ ਦਿਨ ਹੀ ਆਪਣਾ ਧਰਨਾ ਚੁੱਕਣ ਲਈ ਮਜ਼ਬੂਰ ਹੋਣਾ ਪੈ ਗਿਆ ਸੀ। ਪੁਲੀਸ ਪ੍ਰਸ਼ਾਸਨ ਵੱਲੋਂ ਮਸਲੇ ਦੇ ਹੱਲ ਲਈ ਕਈ ਵਾਰ ਐੱਸਪੀ ਪੱਧਰ ਦੇ ਨੋਡਲ ਅਧਿਕਾਰੀ ਵੱਲੋਂ ਸੀਮਿੰਟ ਫੈਕਟਰੀ, ਥਰਮਲ ਪ੍ਰਸ਼ਾਸਨ, ਟਰਾਂਸਪੋਰਟਰਾਂ ਤੇ ਧਰਨਾਕਾਰੀਆਂ ਦੀਆਂ ਆਪਸੀ ਮੀਟਿੰਗਾਂ ਕਰਵਾਈਆਂ ਜਾ ਚੁੱਕੀਆਂ ਹਨ ਪਰ ਹਾਲੇ ਤੱਕ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ ਹੈ। ਪੁਲੀਸ ਪ੍ਰਸਾਸ਼ਨ ਵੱਲੋਂ ਅੱਜ ਵੀ ਬਾਅਦ ਦੁਪਹਿਰ ਮੀਟਿੰਗ ਰੱਖੀ ਗਈ ਸੀ ਜਿਸ ਨੂੰ ਐਨ ਆਖਰੀ ਮੌਕੇ ਰੱਦ ਕਰ ਦਿੱਤਾ ਗਿਆ।