ਪੱਤਰ ਪ੍ਰੇਰਕ
ਚੰਡੀਗੜ੍ਹ, 22 ਨਵੰਬਰ
ਪੀਜੀਆਈ ਦੇ ਰੋਟੋ ਵਿੰਗ ਵੱਲੋਂ 11ਵੇਂ ਭਾਰਤੀ ਅੰਗਦਾਨ ਦਿਵਸ ਦੇ ਸਬੰਧ ਵਿੱਚ ਅੱਜ ਹਫ਼ਤਾਵਰੀ ਪ੍ਰੋਗਰਾਮ ਸ਼ੁਰੂ ਕਰਦਿਆਂ ਪਹਿਲੇ ਦਿਨ ‘ਰਾਈਡ ਆਫ਼ ਲਾਈਫ਼’ ਸਾਈਕਲੋਥਾਨ ਕਰਵਾਈ ਗਈ ਜਿਸ ਵਿੱਚ ਸ਼ਾਮਲ ਹੋਏ 50 ਤੋਂ ਜ਼ਿਆਦਾ ਸਾਈਕਲ ਸਵਾਰਾਂ ਨੂੰ ਡਾਇਰੈਕਟਰ ਪ੍ਰੋ. ਜਗਤ ਰਾਮ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਪ੍ਰੋ. ਜਗਤ ਰਾਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਗਦਾਨ ਮਾਮਲੇ ਵਿੱਚ ਪੀਜੀਆਈ ਚੰਡੀਗੜ੍ਹ ਦੇਸ਼ ਵਿੱਚ ਪਹਿਲੇ ਨੰਬਰ ’ਤੇ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਅੰਗਦਾਨ ਸਭ ਤੋਂ ਜ਼ਿਆਦਾ ਵੀ ਇੱਥੇ ਹੀ ਹੁੰਦੀ ਹੈ। ਇੱਥੋਂ ਦਾ ਰੀਨਲ ਟਰਾਂਸਪਲਾਂਟ ਵਿਭਾਗ ਵੀ ਦੇਸ਼ ਵਿੱਚ ਸਭ ਤੋਂ ਜ਼ਿਆਦਾ ਰੀਨਲ ਟਰਾਂਸਪਲਾਂਟ ਕਰਦਾ ਹੈ। ਕੋਵਿਡ-19 ਮਹਾਂਮਾਰੀ ਦੇ ਇਸ ਦੌਰ ਵਿੱਚ ਵੀ 100 ਦੇ ਕਰੀਬ ਅੰਗ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਹਾਰਟ ਟਰਾਂਸਪਲਾਂਟ ਵੀ ਸ਼ਾਮਲ ਹੈ।