ਆਤਿਸ਼ ਗੁਪਤਾ
ਚੰਡੀਗੜ੍ਹ, 29 ਮਈ
ਸ਼ਹਿਰ ਵਿੱਚ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਜਲਦ ਨਵੀਂ ਸਾਈਕਲ ਪਾਲਸੀ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦਾ ਡਰਾਫਟ ਤਿਆਰ ਕਰ ਲਿਆ ਗਿਆ ਹੈ। ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਆਖਰੀ ਫੈਸਲਾ ਲਿਆ ਜਾਵੇਗਾ। ਇਸ ਨਵੀਂ ਸਾਈਕਲ ਪਾਲਸੀ ਤਹਿਤ ਯੂਟੀ ਪ੍ਰਸ਼ਾਸਨ ਨਿੱਤ ਸਾਈਕਲ ’ਤੇ ਦਫ਼ਤਰ ਜਾਣ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਰਿਆਇਤਾਂ ਦੇਵੇਗਾ ਜਿਸ ਨਾਲ ਸ਼ਹਿਰ ਦੇ ਵੱਡੀ ਗਿਣਤੀ ਲੋਕ ਸਾਈਕਲ ਦੀ ਵਰਤੋਂ ਲਈ ਉਤਸ਼ਾਹਤ ਹੋਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਨਿੱਤ ਕੰਮ ’ਤੇ ਜਾਣ ਸਮੇਂ ਸਾਈਕਲ ਦੀ ਵਰਤੋਂ ਕਰਨ ਵਾਲੇ ਵਿਅਕਤੀ ਨੂੰ ਇਕ ਹਫ਼ਤੇ ਵਿੱਚ ਅੱਧੇ ਦਿਨ ਦੀ ਛੁੱਟੀ ਜਾਂ ਅੱਧੇ ਦਿਨ ਦੀ ਵਾਧੂ ਤਨਖਾਹ ਦਿੱਤੀ ਜਾਵੇਗੀ। ਇਸ ਲਈ ਪ੍ਰਸ਼ਾਸਨ ਪਾਲਸੀ ਤਿਆਰ ਕਰ ਰਿਹਾ ਹੈ। ਅਧਿਕਾਰੀਆਂ ਅਨੁਸਾਰ ਸਾਈਕਲ ਰਾਈਡਿੰਗ ਨਾਲ ਤੇਲ ਵਾਲੇ ਵਾਹਨਾਂ ਦੀ ਵਰਤੋਂ ਘਟੇਗੀ ਤੇ ਵਾਤਾਵਰਣ ਵਿੱਚ ਪ੍ਰਦੂਸ਼ਣ ਘਟੇਗਾ ਤੇ ਸਾਈਕਲ ਚਲਾਉਣ ਵਾਲਾ ਵਿਅਕਤੀ ਸਰੀਰਕ ਤੌਰ ’ਤੇ ਵੀ ਤੰਦਰੁਸਤ ਰਹੇਗਾ।
ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ-ਮੁਕਤ ਰੱਖਣ ਲਈ ਪਹਿਲਾਂ ਹੀ ਸਮਾਰਟ ਸਾਈਕਲ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਮੁਹਿੰਮ ਤਹਿਤ ਸ਼ਹਿਰ ਵਾਸੀ ਪ੍ਰਸ਼ਾਸਨ ਵੱਲੋਂ ਨਿਰਧਾਰਤ ਈ-ਬਾਈਕ ਸਟੇਸ਼ਨਾਂ ਤੋਂ ਸਾਈਕਲ ਲੈ ਸਕਦੇ ਹਨ। ਪ੍ਰਸ਼ਾਸਨ ਵੱਲੋਂ ਇਸ ਮੁਹਿੰਮ ਲਈ 12 ਰੁਪਏ ਪ੍ਰਤੀ ਘੰਟੇ ਦੀ ਵਸੂਲੀ ਕੀਤੀ ਜਾਂਦੀ ਹੈ।
ਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਕੀਤੀ ਜਾਵੇਗੀ ਵਿਉਂਤਬੰਦੀ
ਯੂਟੀ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਜਾਣ ਵਾਲੀ ਨਵੀਂ ਸਾਈਕਲ ਪਾਲਸੀ ਵਿੱਚ ਸ਼ਹਿਰ ਵਿਚਲੇ ਸਾਈਕਲ ਟਰੈਕਾਂ ਅਤੇ ਚੌਕਾਂ ਦੀਆਂ ਲਾਲ ਬੱਤੀਆਂ ’ਤੇ ਵੀ ਸਾਈਕਲ ਸਵਾਰਾਂ ਲਈ ਵਿਸ਼ੇਸ਼ ਵਿਉਂਤਬੰਦੀ ਕੀਤੀ ਜਾਵੇਗੀ। ਇਸ ਨਾਲ ਸਾਈਕਲ ਸਵਾਰ ਆਪਣੀ ਮੰਜ਼ਿਲ ’ਤੇ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਪਹੁੰਚ ਸਕਣਗੇ। ਇਸ ਤੋਂ ਇਲਾਵਾ ਸ਼ਹਿਰ ਵਿਚਲੇ ਬਿਲਡਿੰਗ ਉਪ-ਨਿਯਮਾਂ ਵਿੱਚ ਸਾਈਕਲਾਂ ਲਈ ਕੁੱਲ ਪਾਰਕਿੰਗ ਥਾਂ ਦਾ 10 ਪ੍ਰਤੀਸ਼ਤ ਹਿੱਸਾ ਰਾਖਵਾਂ ਰੱਖਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਵਿਚਲੀਆਂ ਸੜਕਾਂ ’ਤੇ ਸਾਈਕਲ ਸਵਾਰਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਪਲੈਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਈਕਲ ਸਵਾਰਾਂ ਨੂੰ ਦਰਪੇਸ਼ ਸਮੱਸਿਆ ਜਿਵੇਂ ਟਾਇਰ ਪੈਂਚਰ ਹੋ ਜਾਣਾ ਜਾਂ ਹਵਾ ਘੱਟ ਜਾਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਾਈਕਲਿੰਗ ਲਈ ਉਤਸ਼ਾਹਤ ਕਰਨ ਲਈ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ। ਲੋਕਾਂ ਨੂੰ ਨਿੱਤ ਦਫ਼ਤਰ ਜਾਣ ਸਮੇਂ ਜਾਂ ਘਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੱਕ ਜਾਣ ਲਈ ਸਾਈਕਲ ਦੀ ਵਰਤੋਂ ਕਰਨ ਲਈ ਪ੍ਰੇਰਿਆ ਜਾਵੇਗਾ।