ਮੁਕੇਸ਼ ਕੁਮਾਰ
ਚੰਡੀਗੜ੍ਹ, 10 ਦਸੰਬਰ
ਇਥੇ ਸਮਾਰਟ ਸਿਟੀ ਯੋਜਨਾ ਤਹਿਤ ਸਾਈਕਲਿੰਗ ਪ੍ਰਾਜੈਕਟ ਸ਼ੁਰੂ ਹੋ ਗਿਆ ਹੈ। ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਰੌਕ ਗਾਰਡਨ ਦੀ ਪਾਰਕਿੰਗ ਵਿੱਚ ਸਾਈਕਲਾਂ ਲਈ ਬਣਾਏ ਡਾਕਿੰਗ ਸਟੇਸ਼ਨ ਤੋਂ ਇਸ ਸੇਵਾ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਸਾਈਕਲ ਚਲਾਉਣ ਦੀ ਆਦਤ ਪਾਉਣ ’ਤੇ ਜ਼ੋਰ ਦਿੱਤਾ। ਉਦਘਾਟਨ ਤੋਂ ਬਾਅਦ ਪ੍ਰਸ਼ਾਸਕ ਸ੍ਰੀ ਬਦਨੌਰ ਰੌਕ ਗਾਰਡਨ ਤੋਂ ਸਾਈਕਲ ਚਲਾ ਕੇ ਰਾਜ ਭਵਨ ਤੱਕ ਗਏ। ੳਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਿਹਤਮੰਦ ਸਰੀਰ ਲਈ ਕਸਰਤ ਜ਼ਰੂਰੀ ਹੈ, ਉਸੇ ਤਰ੍ਹਾਂ ਹਰ ਰੋਜ਼ ਸਾਈਕਲ ਚਲਾਉਣਾ ਵੀ ਲਾਜ਼ਮੀ ਹੈ। ਇਸ ਨਾਲ ਪੈਟਰੋਲ ਦੇ ਖਰਚੇ ਤੋਂ ਵੀ ਬਚਿਆ ਜਾ ਸਕਦਾ ਹੈ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਤੇ ਚੰਡੀਗੜ੍ਹ ਸਮਾਰਟ ਸਿਟੀ ਕੰਪਨੀ ਲਿਮਿਟਡ ਦੇ ਸੀਈਓ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਪਹਿਲੇ ਪੜਾਅ ਅਧੀਨ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਤਹਿਤ ਮੈਂਬਰਾਂ ਲਈ ਇਕ ਘੰਟੇ ਵਾਸਤੇ ਪੰਜ ਰੁਪਏ ਅਤੇ ਹੋਰਨਾਂ ਲਈ ਇਕ ਘੰਟੇ ਵਾਸਤੇ 10 ਰੁਪਏ ਦੇ ਕਿਰਾਏ ’ਤੇ ਸਾਈਕਲ ਜਾਂ ਈ-ਸਾਈਕਲ ਉਪਲਬਧ ਕਰਵਾਇਆ ਜਾਵੇਗਾ। ਇਸ ਪ੍ਰਾਜੈਕਟ ਲਈ 225 ਸਾਈਕਲ ਚਲਾਏ ਜਾਣਗੇ। ਪ੍ਰਾਜੈਕਟ ਲਈ 25 ਡਾਕਿੰਗ ਸਟੇਸ਼ਨ ਬਣਾਏ ਗਏ ਹਨ ਜਿਥੇ ਸਾਈਕਲ ਖੜ੍ਹੇ ਕੀਤੇ ਜਾਣਗੇ। ਸਮਾਰਟ ਸਿਟੀ ਵੱਲੋਂ ਇਨ੍ਹਾਂ ਸਾਰੇ ਡਾਕਿੰਗ ਸਟੇਸ਼ਨ ’ਤੇ ਪੈਡਲ ਵਾਲੀ ਸਾਈਕਲ ਸਮੇਤ ਈ-ਸਾਈਕਲਾਂ ਰਖਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸਾਈਕਲ ਟਰੈਕਾਂ ਦੀ ਮੁਰੰਮਤ ਅਤੇ ਉਥੇ ਰੋਸ਼ਨੀ ਦੇ ਪ੍ਰਬੰਧ ਵੀ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਹਨ ਤਾਂਕਿ ਸਾਈਕਲ ਚਾਲਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਸਾਰੇ ਡਾਕਿੰਗ ਸਟੇਸ਼ਨਾਂ ਵਿੱਚ ਪੈਡਲ ਵਾਲੀਆਂ ਸਾਈਕਲਾਂ ਅਤੇ ਈ-ਸਾਈਕਲਾਂ ਰਖਵਾਈਆਂ ਜਾਣਗੀਆਂ। ਇਨ੍ਹਾਂ ਸਾਈਕਲਾਂ ਦੇ ਇਸਤੇਮਾਲ ਕਰਨ ਲਈ ਕਿਰਾਏ ਵਿੱਚ ਕੋਈ ਅੰਤਰ ਨਹੀਂ ਹੈ। ਲੋਕ ਆਪਣੀ ਪਸੰਦ ਅਨੁਸਾਰ ਸਾਈਕਲ ਚੁਣ ਸਕਣਗੇ।
ਇਸ ਮੌਕੇ ਮੇਅਰ ਰਾਜ ਬਾਲਾ ਮਲਿਕ ਸਮੇਤ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ, ਪ੍ਰਮੁੱਖ ਗ੍ਰਹਿ ਸਕੱਤਰ ਅਰੁਣ ਕੁਮਾਰ ਗੁਪਤਾ, ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ, ਇਲਾਕਾ ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਅਤੇ ਚੰਡੀਗੜ੍ਹ ਸਮਾਰਟ ਸਿਟੀ ਕੰਪਨੀ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਮੈਂਬਰਸ਼ਿਪ ਲਈ 500 ਰੁਪਏ ਸਾਲਾਨਾ ਫੀਸ ਤੈਅ
ਨਗਰ ਨਿਗਮ ਕਮਿਸ਼ਨਰ ਅਤੇ ਚੰਡੀਗੜ੍ਹ ਸਮਾਰਟ ਸਿਟੀ ਕੰਪਨੀ ਲਿਮਿਟਡ ਦੇ ਸੀਈਓ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਮੈਂਬਰਸ਼ਿਪ ਲੈਣ ਲਈ 500 ਰੁਪਏ ਸਾਲਾਨਾ ਫੀਸ ਦੇਣੀ ਪਏਗੀ। ਮੈਂਬਰਸ਼ਿਪ ਲੈਣ ਲਈ ‘‘ਸਮਾਰਟ ਬਾਈਕ’ ਮੋਬਾਈਲ ਐਪ ਡਾਊਨਲੋਡ ਕਰਨਾ ਹੋਵੇਗਾ। ਇਸ ਲਿੰਕ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਹੋਵੇਗਾ ਜਾਂ ਸਿੱਧਾ ਬੈਂਕ ਅਕਾਊਂਟ ਨਾਲ ਵੀ ਜੋੜਿਆ ਜਾ ਸਕਦਾ ਹੈ। ਇਸ ਤੋਂ ਬਾਅਦ 500 ਰੁਪਏ ਦੇ ਮੈਂਬਰੀ ਸ਼ੁਲਕ ਕੱਟਣ ਤੋਂ ਬਾਅਦ ਸਾਈਕਲ ਦਾ ਕਿਰਾਇਆ ਵੀ ਨਾਲ-ਨਾਲ ਕੱਟਦਾ ਰਹੇਗਾ। ਜਿਸ ਡਾਕਿੰਗ ਸਟੇਸ਼ਨ ਤੋਂ ਸਾਈਕਲ ਕਿਰਾਏ ’ਤੇ ਲੈਣੀ ਹੋਵੇਗੀ ਤਾਂ ਮੋਬਾਈਲ ਐਪ ਨਾਲ ਹੀ ਉਸ ਸਾਈਕਲ ਦਾ ਕੋਡ ਨੰਬਰ ਪਾ ਕੇ ਤਾਲਾ ਖੋਲ੍ਹਿਆ ਜਾ ਸਕੇਗਾ। ਇਸ ਤੋਂ ਬਾਅਦ ਜਿਥੇ ਤੱਕ ਜਾਣਾ ਹੈ, ਉਸ ਦੇ ਆਸਪਾਸ ਦੇ ਡਾਕਿੰਗ ਸਟੇਸ਼ਨ ਬਾਰੇ ਵੀ ਐਪ ਵਿੱਚ ਜਾਣਕਾਰੀ ਮਿਲੇਗੀ। ਸਾਈਕਲ ਸਵਾਰ ਉਸ ਡਾਕਿੰਗ ਸਟੇਸ਼ਨ ਦੇ ਅੰਦਰ ਸਾਈਕਲ ਪਾਰਕ ਕਰਕੇ ਮੋਬਾਈਲ ਐਪ ਰਾਹੀਂ ਹੀ ਸਾਈਕਲ ਨੂੰ ਤਾਲਾ ਲਗਾਏਗਾ ਜਿਸ ਤੋਂ ਬਾਅਦ ਉਸ ਦੀ ਯਾਤਰਾ ਖ਼ਤਮ ਹੋ ਜਾਵੇਗੀ ਅਤੇ ਕਿਰਾਇਆ ਕੱਟ ਲਿਆ ਜਾਵੇਗਾ।