ਆਤਿਸ਼ ਗੁਪਤਾ
ਚੰਡੀਗੜ੍ਹ, 13 ਅਪਰੈਲ
ਚੰਡੀਗੜ੍ਹ ਵਿੱਚ ਲਗਾਤਾਰ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਨੇ ਰਾਤ ਦੇ ਕਰਫਿਊ ਦਾ ਸਮਾਂ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਜਦਕਿ ਪਹਿਲਾਂ ਪ੍ਰਸ਼ਾਸਨ ਨੇ ਰਾਤ ਦਾ ਕਰਫਿਊ 10.30 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਇਆ ਸੀ। ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਨ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਕਰੋਨਾ ਪ੍ਰਬੰਧਾਂ ਸਬੰਧੀ ਹੋਈ ਮੀਟਿੰਗ ਵਿੱਚ ਕੀਤਾ। ਰਾਤ 10 ਵਜੇ ਤੋਂ ਬਾਅਦ ਸ਼ਹਿਰ ਵਿੱਚ ਗੈਰਜ਼ਰੂਰੀ ਆਵਾਜਾਈ ’ਤੇ ਪਾਬੰਦੀ ਲਗਾ ਦਿੱਤੀ।
ਯੂਟੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਅਤੇ ਮਾਸਕ ਦੀ ਵਰਤੋਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਲੋਕ ਬਿਨਾਂ ਮਾਸਕ ਤੋਂ ਫਿਰਦੇ ਦਿਖਾਈ ਦਿੰਦੇ ਹਨ। ਇਸੇ ਕਰਕੇ ਪ੍ਰਸ਼ਾਸਨ ਨੇ ਰੌਕ ਗਾਰਡਨ ਨੂੰ ਬੰਦ ਕਰ ਦਿੱਤਾ ਹੈ ਜਦਕਿ ਸੁਖਨੀ ਝੀਲ ਨੂੰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਇਹ ਆਦੇਸ਼ ਕਰੋਨਾ ਕੇਸਾਂ ਦੀ ਗਿਣਤੀ ਘੱਟਣ ਤੱਕ ਜਾਰੀ ਰਹਿਣਗੇ।
ਸ੍ਰੀ ਬਦਨੌਰ ਨੇ ਸ਼ਹਿਰ ਵਿੱਚ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦਿਆਂ ਸਿਹਤ ਵਿਭਾਗ ਨੂੰ ਹਦਾਇਤ ਦਿੱਤੀ ਕਿ ਕਰੋਨਾ ਦੌਰਾਨ ਵਰਤੀ ਜਾਣ ਵਾਲੀ ਦਵਾਈ, ਆਕਸੀਜਨ ਸਿਲੰਡਰ, ਵੈਕਸੀਨ, ਪੀਪੀਈ ਕਿਟ ਅਤੇ ਵੈਂਟੀਲੇਟਰ ਅਤੇ ਹੋਰ ਲੋੜੀਂਦੀ ਵਸਤੂਆਂ ਦਾ ਪ੍ਰਬੰਧ ਪਹਿਲ ਦੇ ਆਧਾਰ ’ਤੇ ਕੀਤੇ ਜਾਣ। ਯੂਟੀ ਦੇ ਪ੍ਰਸ਼ਾਸਕ ਨੇ ਡੀਜੀਪੀ ਚੰਡੀਗੜ੍ਹ ਨੂੰ ਆਦੇਸ਼ ਦਿੱਤੇ ਕਿ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਸ਼ਹਿਰ ਦੀਆਂ ਰੈਜੀਡੇਂਟ ਵੈਲਫੇਅਰ ਐਸੋਸੀਏਸ਼ਨ, ਮਾਰਕੀਟ ਐਸੋਸੀਏਸ਼ਨ, ਸਮਾਜਿਕ ਜਥੇਬੰਦੀਆਂ ਅਤੇ ਰਾਜਨੀਤਕ ਆਗੂਆਂ ਨੂੰ ਕਰੋਨਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਕਾਰਜ ਵਿੱਚ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਜਨਤਕ ਖੇਤਰਾਂ ਵਿੱਚ ਕੰਮ ਕਰਨ ਵਾਲੇ ਅਤੇ 45 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਕਰੋਨਾ ਰੋਕੂ ਟੀਕਾ ਲਗਵਾਉਣ ਲਈ ਪ੍ਰੇਰਿਆ। ਸ੍ਰੀ ਬਦਨੌਰ ਨੇ ਸ਼ਹਿਰ ਦੇ ਸੈਕਟਰ-48 ਹਸਪਤਾਲ ਨੂੰ ਕਰੋਨਾ ਹਸਪਤਾਲ ’ਚ ਤਬਦੀਲ ਕਰ ਦਿੱਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਸਮਾਜਿਕ ਦੁਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਮਾਸਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮਾਜਿਕ ਦੁਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਯੂਟੀ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਔਡ-ਈਵਨ ਫਾਰਮੂਲਾ ਲਗਾਉਣ ਬਾਰੇ ਵਿਚਾਰ ਕੀਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਵਪਾਰੀਆਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਔਡ-ਈਵਨ ਫਾਰਮੂਲਾ ਨਾ ਲਗਾਉਣ ਦਾ ਫ਼ੈਸਲਾ ਲਿਆ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਦੇ ਹਾਲਾਤ ਵਿੱਚ ਸੁਧਾਰ ਨਾ ਹੋਇਆ ਤਾਂ ਹੋਰ ਸਖਤ ਫ਼ੈਸਲੇ ਲੈਣੇ ਪੈ ਸਕਦੇ ਹਨ।
ਮੰਦਰਾਂ ਤੇ ਗੁਰਦੁਆਰਿਆਂ ਨੇੜੇ ਲਾਈਆਂ ਜਾਣਗੀਆਂ ਟੈਸਟਿੰਗ ਵੈਨਾਂ
ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕਿਹਾ ਕਿ ਨਰਾਤਿਆਂ ਦੌਰਾਨ ਮੰਦਰਾਂ ਅਤੇ ਗੁਰਦੁਆਰਿਆਂ ਦੇ ਬਾਹਰ ਮੋਬਾਈਲ ਟੈਸਟ ਵੈਨਾਂ ਲਗਾਈਆਂ ਜਾ ਰਹੀਆਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਦੇ ਲੱਛਣ ਪਾਏ ਜਾਣ ’ਤੇ ਤੁਰੰਤ ਕਰੋਨਾ ਟੈਸਟ ਕਰਵਾਉਣ।
ਰੈਸਟੋਰੈਂਟ ਤੇ ਹੋਟਲ ਰਾਤ ਨੂੰ ਸਾਢੇ ਨੌਂ ਵਜੇ ਹੋਣਗੇ ਬੰਦ
ਸ਼ਹਿਰ ਵਿੱਚ ਕਰੋਨਾਵਾਇਸ ਦੇ ਕੇਸਾਂ ਨੂੰ ਕਾਬੂ ਪਾਉਣ ਲਈ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿਚਲੀ ਰੈਸਟੋਰੈਂਟ ਅਤੇ ਹੋਟਲਾਂ ਨੂੰ 9.30 ਵਜੇ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਰੈਸਟੋਰੈਂਟ, ਹੋਟਲ ਅਤੇ ਕਲੱਬਾਂ ਵਿੱਚ 50 ਫ਼ੀਸਦ ਬੈਠਣ ਦੇ ਪ੍ਰਬੰਧ ਕਰਨ ਦੀ ਹਦਾਇਤਾਂ ਕੀਤੀ।
ਅੱਜ ਸੰਪਰਕ ਸੈਂਟਰ ਰਹਿਣਗੇ ਬੰਦ
ਡਾ. ਭੀਮ ਰਾਓ ਅੰਬੇਡਕਰ ਦੇ 130ਵੀਂ ਜੈਅੰਤੀ ’ਤੇ ਸੰਪਰਕ ਸੈਂਟਰਾਂ ਨੂੰ ਛੁੱਟੀ ਕਰ ਦਿੱਤੀ ਹੈ। ਇਸ ਬਾਰੇ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ 14 ਅਪਰੈਲ ਨੂੰ ਸ਼ਹਿਰ ਵਿੱਚਲੇ ਸਾਰੇ ਸੰਪਰਕ ਸੈਂਟਰ ਬੰਦ ਰਹਿਣਗੇ।
ਮੁਹਾਲੀ ਜ਼ਿਲ੍ਹੇ ਵਿੱਚ 5 ਮੌਤਾਂ, 509 ਨਵੇਂ ਮਾਮਲੇ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 13 ਅਪਰੈਲ
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਕਰੋਨਾ ਮਹਾਮਾਰੀ ਦੇ 509 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 32 ਹਜ਼ਾਰ 611 ’ਤੇ ਪਹੁੰਚ ਗਈ ਹੈ। 725 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ 5 ਹੋਰ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ 483 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਚੰਡੀਗੜ੍ਹ (ਪੱਤਰ ਪ੍ਰੇਰਕ): ਚੰਡੀਗੜ੍ਹ ਵਿੱਚ ਅੱਜ 397 ਹੋਰ ਵਿਅਕਤੀਆਂ ਨੂੰ ਕਰੋਨਾ ਦੀ ਲਾਗ ਲੱਗ ਗਈ ਅਤੇ ਸੈਕਟਰ 15 ਨਿਵਾਸੀ ਇੱਕ 39 ਸਾਲਾ ਕਰੋਨਾ ਪੀੜਤ ਵਿਅਕਤੀ ਦੀ ਮੌਤ ਹੋ ਗਈ ਜੋ ਹੋਰ ਕਿਸੇ ਬਿਮਾਰੀ ਕਰਕੇ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਅਧੀਨ ਸੀ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਅੱਜ ਕਰੋਨਾ ਦੇ 23 ਨਵੇਂ ਮਾਮਲੇ ਆਏ ਹਨ ਅਤੇ ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਗਿਣਤੀ 270 ਹੋ ਗਈ ਹੈ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 285 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਇਹ ਜਾਣਕਾਰੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ।
ਰੂਪਨਗਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ 71 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂ ਕਿ ਇੱਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ। ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 36, ਸ੍ਰੀ ਆਨੰਦਪੁਰ ਸਾਹਿਬ ਵਿੱਚ 10 ,ਸ੍ਰੀ ਚਮਕੌਰ ਸਾਹਿਬ ਇਲਾਕੇ ਵਿੱਚ 2, ਨੰਗਲ ਇਲਾਕੇ ਵਿੱਚ 20, ਅਤੇ ਮੋਰਿੰਡਾ ਇਲਾਕੇ ਵਿੱਚ 3 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ। ਅੱਜ ਸ਼੍ਰੀ ਆਨੰਦਪੁਰ ਸਾਹਿਬ ਤਹਿਸੀਲ ਦੇ ਪਿਂੰਡ ਟਖਤਗੜ੍ਹ ਦੀ 67 ਸਾਲਾ ਔਰਤ ਦੀ ਕਰੋਨਾ ਕਾਰਨ ਮੌਤ ਹੋ ਗਈ।