ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਜੂਨ
ਬੀਤੀ 8 ਜੂਨ ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਨਿਰੰਤਰਤਾ ਤੇ ਅੰਸ਼ਕ ਸੋਧ ਵਿੱਚ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਸੀਆਰਪੀਸੀ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਵੇਂ ਆਦੇਸ਼ ਜਾਰੀ ਕੀਤੇ ਹਨ। ਜਿਸ ਦੇ ਤਹਿਤ ਅੱਜ ਤੋਂ ਰਾਤ ਦਾ ਕਰਫ਼ਿਊ ਰੋਜ਼ਾਨਾ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ, ਜਿਸ ਦੌਰਾਨ ਛੋਟਾਂ ਵਾਲੀ ਆਵਾਜਾਈ ਨੂੰ ਛੱਡ ਕੇ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ’ਤੇ ਸਖ਼ਤ ਮਨਾਹੀ ਹੋਵੇਗੀ। ਐਤਵਾਰ ਦਾ ਕਰਫ਼ਿਊ ਸਨਿੱਚਰਵਾਰ ਨੂੰ ਰਾਤ 8 ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ, ਜਿਸ ਦੌਰਾਨ ਛੋਟ ਤੋਂ ਇਲਾਵਾ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਆਵਾਜਾਈ ਨੂੰ ਸਖ਼ਤ ਤੌਰ ’ਤੇ ਵਰਜਿਆ ਜਾਵੇਗਾ। ਸਾਰੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਖੱੁਲ੍ਹੀਆਂ ਰਹਿ ਸਕਦੀਆਂ ਹਨ, ਬਸ਼ਰਤੇ ਮਾਰਕੀਟ ਐਸੋਸੀਏਸ਼ਨਾਂ, ਮਾਲ ਮੈਨੇਜਮੈਂਟ ਵੱਲੋਂ ਕੋਵਿਡ ਮੋਨੀਟਰ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ ਤੇ ਉਨ੍ਹਾਂ ਦੇ ਨਾਂ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਜਾਣਗੇ। ਇਹ ਕੋਵਿਡ ਮੋਨੀਟਰ ਭਾਰਤ ਤੇ ਪੰਜਾਬ ਸਰਕਾਰ ਦੇ ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਣਗੇ।
ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕਾਫੀ ਸ਼ਾਪਸ, ਫਾਸਟ ਫੂਡ ਆਊਟਲੈਟਸ, ਢਾਬੇ, ਸਿਨੇਮਾ, ਜਿੰਮ, ਅਜਾਇਬਘਰ ਨੂੰ ਆਪਣੇ ਸਾਰੇ ਕਰਮਚਾਰੀਆਂ ਨੂੰ ਕੋਵਿਡ ਦੀ ਘੱਟੋ-ਘੱਟ ਇਕ ਖ਼ੁਰਾਕ ਲਗਵਾਉਣ ਨਾਲ ਸਟਾਫ਼ ਦੀ ਵੱਧ ਤੋਂ ਵੱਧ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਰੈਸਟੋਰੈਂਟ/ਈਟਰਰੀਜ਼ ਘਰੇਲੂ ਸਪੁਰਦਗੀ ਅਤੇ ਟੇਕ ਅਵੇਅ ਲਈ ਰਾਤ 9 ਵਜੇ ਤੱਕ ਖੁੱਲ੍ਹ ਸਕਦੇ ਹਨ ਪਰ ਕਰਫ਼ਿਊ ਸਮੇਂ ਡਾਈਨ-ਇੰਨ ’ਤੇ ਪਾਬੰਦ ਰਹੇਗੀ। ਮਾਲਕ/ਪ੍ਰਬੰਧਨ 100 ਫੀਸਦੀ ਟੀਕਾਕਰਨ ਅਤੇ ਸਟਾਫ਼ ਦੀ ਗਿਣਤੀ ਸਬੰਧੀ ਪਾਬੰਦੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕੋਵਿਡ ਮੋਨੀਟਰਾਂ ਦੀ ਨਿਯੁਕਤੀ ਕਰਨਗੇ। ਉਲੰਘਣਾਵਾਂ ਲਈ ਪ੍ਰਬੰਧਨ ਅਤੇ ਗਾਹਕ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਬਾਰ, ਪੱਬ ਅਤੇ ਅਹਾਤੇ ਬੰਦ ਰਹਿਣਗੇ। ਸਮਾਜਿਕ, ਸਿਆਸੀ ਅਤੇ ਧਾਰਮਿਕ ਇਕੱਠਾਂ ’ਤੇ ਪਾਬੰਦੀ ਰਹੇਗੀ।
ਨਾਨ-ਏਸੀ ਬੱਸਾਂ ਨੂੰ ਸਮਰੱਥਾ ਅਨੁਸਾਰ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ ਪਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਵਿਅਕਤੀ ਬਸ ਵਿੱਚ ਖੜਾ ਨਹੀਂ ਹੋਣਾ ਚਾਹੀਦਾ। ਏਸੀ ਬੱਸਾਂ ਨੂੰ ਵੱਧ ਤੋਂ ਵੱਧ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਆਗਿਆ ਹੋਵੇਗੀ।