ਮਿਹਰ ਸਿੰਘ
ਕੁਰਾਲੀ, 7 ਅਗਸਤ
ਖੇਤੀ ਵਿੱਚ ਵਿਭਿੰਨਤਾ ਲਿਆਉਣ ਅਤੇ ਪਾਣੀ ਦੀ ਬਚਤ ਲਈ ਝੋਨੇ ਹੇਠੋਂ ਰਕਬਾ ਘਟਾਉਣ ਲਈ ਕੰਢੀ ਖੇਤਰ ਵਿੱਚ ਨਰਮੇ-ਕਪਾਹ ਦੀ ਕਾਸ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਵਿਚਾਰ ਡਾ. ਰਾਜੇਸ਼ ਕੁਮਾਰ ਰਹੇਜਾ, ਮੁੱਖ ਖੇਤੀਬਾੜੀ ਅਫ਼ਸਰ ਐੱਸਏਐੱਸ ਨਗਰ, ਨੇ ਪਿੰਡ ਫਤਹਿਪੁਰ ਟੱਪਰੀਆ ਵਿੱਚ ਨਰਮੇ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਕਹੇ।
ਉਨ੍ਹਾਂ ਨੇ ਰਾਜਿੰਦਰ ਸਿੰਘ ਸੇਖੋਂ ਵੱਲੋ ਬੀਜੇ 25 ਏਕੜ ਨਰਮੇ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਨਰਮੇ ਦੀ ਫਸਲ ’ਤੇ ਤੇਲੇ ਅਤੇ ਚਿੱਟੀ ਮੱਖੀ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਨਰਮੇ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਡਾ. ਗੁਰਬਚਨ ਸਿੰਘ, ਖੇਤੀਬਾੜੀ ਅਫਸਰ ਬਲਾਕ ਮਾਜਰੀ, ਨੇ ਦੱਸਿਆ ਕਿ ਤੇਲਾ ਅਤੇ ਚਿੱਟੀ ਮੱਖੀ ਦੇ ਕੀੜੇ ਪੱਤਿਆ ਦੇ ਹੇਠਲੇ ਪਾਸੇ ਚਿਪਕੇ ਰਹਿੰਦੇ ਹਨ ਅਤੇ ਰਸ ਚੂਸਦੇ ਨਜ਼ਰ ਆਉਂਦੇ ਹਨ। ਇਨ੍ਹਾਂ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਡਬਲਿਊ-ਜੀ ਜਾਂ 60 ਗ੍ਰਾਮ ਉਸ਼ੀਨ 20 ਐੱਸਜੀ ਦਵਾਈ ਦਾ ਘੋਲ ਬਣਾਕੇ 125-150 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕੀਤਾ ਜਾਵੇ।
ਵਧੇਰੇ ਝਾੜ ਲਈ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਜ਼ਰੂਰੀ
ਖੇਤੀ ਮਾਹਿਰ ਡਾ. ਗੁਰਦਿਆਲ ਕੁਮਾਰ ਅਤੇ ਗੁਰਪ੍ਰੀਤ ਸਿੰਘ ਏਡੀੳ ਨੇ ਦੱਸਿਆ ਕਿ ਆਮ ਤੌਰ ’ਤੇ ਨਰਮੇ ਦੇ ਝਾੜ ਘੱਟਣ ਦੇ ਮੁੱਖ ਕਾਰਨ ਕਿਸਾਨਾਂ ਨੂੰ ਸੁਧਰੀਆ ਕਿਸਮਾਂ, ਕੀੜੇ/ਬਿਮਾਰੀਆਂ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਸਹੀ ਜਾਣਕਾਰੀ ਨਾ ਹੋਣਾ ਹੈ। ਇਸ ਲਈ ਕਿਸਾਨ ਵੀਰ ਫਸਲਾਂ ਦਾ ਵਧੇਰੇ ਝਾੜ ਲੈਣ ਲਈ ਤਕਨੀਕੀ ਅਤੇ ਕਾਸ਼ਤਕਾਰੀ ਢੰਗਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਜ਼ਰੂਰ ਰੱਖਣ। ਇਸ ਮੌਕੇ ਕਿਸਾਨ ਅਤੇ ਵਿਭਾਗ ਦੇ ਸਵਿੰਦਰ ਕੁਮਾਰ ਏਟੀਐਮ ਹਾਜ਼ਰ ਸਨ।