ਪੱਤਰ ਪ੍ਰੇਰਕ
ਚੰਡੀਗੜ੍ਹ, 8 ਦਸੰਬਰ
ਸੀ.ਟੀ.ਯੂ. ਵਰਕਰਜ਼ ਯੂਨੀਅਨ (ਸਾਂਝਾ ਮੋਰਚਾ) ਦੀ ਅਗਵਾਈ ਵਿੱਚ ਸੀ.ਟੀ.ਯੂ. ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਡਾਇਰੈਕਟਰ ਦਫ਼ਤਰ ਵਿਖੇ ਕੀਤੀ ਜਾ ਰਹੀ ਨਿਰੰਤਰ ਭੁੱਖ ਹੜਤਾਲ ਮੌਕੇ ਅੱਜ ਬੁਲਾਰਿਆਂ ਨੇ ਯੂ.ਟੀ. ਪ੍ਰਸ਼ਾਸਨ ਅਤੇ ਸੀ.ਟੀ.ਯੂ. ਮੈਨੇਜਮੈਂਟ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕਾਮਿਆਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ ਦੇਸ਼ਿਵਆਪੀ ਕਿਸਾਨ ਅੰਦੋਲਨ ਦੀ ਤਰਜ਼ ਉਤੇ ਪ੍ਰਸ਼ਾਸਨ ਅਤੇ ਮੈਨੇਜਮੈਂਟ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕਰਦਿਆਂ ਪੂਰਾ ਚੰਡੀਗੜ੍ਹ ਸੀਲ ਕਰ ਦਿੱਤਾ ਜਾਵੇਗਾ।
ਯੂਨੀਅਨ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਵਾਈਸ ਪ੍ਰਧਾਨ ਚਰਨਜੀਤ ਸਿੰਘ ਢੀਂਡਸਾ ਆਦਿ ਨੇ ਕਿਹਾ ਕਿ ਯੂ.ਟੀ. ਪ੍ਰਸ਼ਾਸਨ ਸੀ.ਟੀ.ਯੂ. ਕਾਮਿਆਂ ਦੀਆਂ ਮੰਗਾਂ ਨੂੰ ਧਿਆਨ ਨਹੀਂ ਦੇ ਰਿਹਾ ਹੈ. ਯੂਨੀਅਨ ਆਗੂਆਂ ਨੇ ਕਿਹਾ ਕਿ ਜਲਦ ਤਿੱਖੇ ਸੰਘਰਸ਼ ਉਲੀਕੇ ਜਾਣਗੇ।
ਆਗੂਆਂ ਨੇ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਸਮੇਤ ਚੰਡੀਗੜ੍ਹ ਦੀਆਂ ਸਮੂਹ ਫੈਡਰੇਸ਼ਨਾਂ, ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸਨਾਂ ਆਦਿ ਦੇ ਆਗੂਆਂ ਨੂੰ ਵੀ ਸੀ.ਟੀ.ਯੂ. ਕਾਮਿਆਂ ਦੇ ਸੰਘਰਸ਼ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।