ਪੱਤਰ ਪ੍ਰੇਰਕ
ਚੰਡੀਗੜ੍ਹ, 11 ਸਤੰਬਰ
ਪੰਜਾਬ ਵਿੱਚ ਟਰਾਂਸਪੋਰਟ ਮਾਫ਼ੀਆ ਅਤੇ ਹੋਰ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਬੱਸਾਂ ਉਤੇ ਨਕੇਲ ਕਸਣ ਦੇ ਮੱਦੇਨਜ਼ਰ ਅੱਜ ਸੀਟੀਯੂ ਵਰਕਰਜ਼ ਯੂਨੀਅਨ ਦਾ ਵਫ਼ਦ ਰਣਜੀਤ ਸਿੰਘ ਹੰਸ ਅਤੇ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ। ਵਫ਼ਦ ਵਿੱਚ ਯੂਨੀਅਨ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਜਨਰਲ ਸਕੱਤਰ ਸਤਿੰਦਰ ਸਿੰਘ, ਖਜ਼ਾਨਚੀ ਤੇਜਬੀਰ ਸਿੰਘ, ਓਮ ਪ੍ਰਕਾਸ਼, ਵਾਈਸ ਪ੍ਰਧਾਨ ਭੁਪਿੰਦਰ ਸਿੰਘ ਅਤੇ ਗੁਰਮੇਲ ਸਿੰਘ ਸ਼ਾਮਿਲ ਸਨ। ਵਫ਼ਦ ਨੇ ਨਵਜੋਤ ਸਿੰਘ ਸਿੱਧੂ ਨੂੰ ਲਿਖਤੀ ਪੱਤਰ ਰਾਹੀਂ ਜਾਣੂ ਕਰਵਾਇਆ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਲੋਂ 20 ਦਸੰਬਰ 2012 ਅਤੇ 20 ਦਸੰਬਰ 2016 ਨੂੰ ਵਿਜੈਇੰਦਰ ਟ੍ਰੈਵਲ ਦੇ ਕੇਸ ਵਿੱਚ ਸੁਣਾਏ ਫ਼ੈਸਲੇ ਵਿੱਚ ਪੰਜਾਬ ਸਰਕਾਰ ਵੱਲੋਂ 1990 ਤੋਂ ਲੈ ਕੇ 2011 ਬਣਾਈ ਅਤੇ ਸੋਧ ਕੀਤੀਆਂ ਸਾਰੀਆਂ ਸਟੇਜ ਕੈਰੀਏਜ ਪਰਮਿਟ ਸਕੀਮਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਦੇ ਹੋਏ ਇਨ੍ਹਾਂ ਅਧੀਨ ਜਾਰੀ ਸਾਰੇ ਪਰਮਿਟਾਂ ਨੂੰ ਸਿੱਧੇ ਤੌਰ ’ਤੇ ਖ਼ਾਰਿਜ ਕਰ ਦਿੱਤਾ ਗਿਆ ਸੀ। ਵਫ਼ਦ ਨੇ ਦੱਸਿਆ ਕਿ ਟਰਾਂਸਪੋਰਟ ਮਾਫ਼ੀਆ ਅਤੇ ਹੋਰ ਗੈਰ-ਕਾਨੂੰਨੀ ਢੰਗ ਨਾਲ ਚੱਲਦੀਆਂ ਬੱਸਾਂ ਵੱਲੋਂ ਸਰਕਾਰੀ ਬੱਸਾਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਸ੍ਰੀ ਹੰਸ ਨੇ ਦੱਸਿਆ ਕਿ ਨਵਜੋਤ ਸਿੱਧੂ ਨੇ ਇਸ ਪਾਸੇ ਵੱਲ ਜਲਦ ਧਿਆਨ ਦੇਣ ਦਾ ਭਰੋਸਾ ਦਿੱਤਾ।
ਸਟੇਜ ਕੈਰੀਏਜ ਪਰਮਿਟ ਸਕੀਮ ਲਾਗੂ ਕਰਨ ਦੀ ਮੰਗ
ਯੂਨੀਅਨ ਦੇ ਵਫ਼ਦ ਵੱਲੋਂ ਨਵਜੋਤ ਸਿੱਧੂ ਨੂੰ ਲਿਖਤੀ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ 2018 ਵਿੱਚ ਬਣਾਏ ਸਟੇਜ ਕੈਰੀਏਜ ਪਰਮਿਟ ਸਕੀਮ ਨੂੰ ਤੁਰੰਤ ਲਾਗੂ ਕੀਤਾ ਜਾਵੇ ਤਾਂ ਕਿ ਗੈਰ-ਕਾਨੂੰਨੀ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਏ ਦੀ ਲੁੱਟ-ਖਸੁੱਟ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ ਤਾਂ ਜੋ ਸਰਕਾਰੀ ਬੱਸਾਂ ਦੀ ਨਿੱਘਰਦੀ ਹਾਲਤ ਵਿੱਚ ਸੁਧਾਰ ਹੋ ਸਕੇ। ਇਸ ਨਾਲ ਅਦਾਲਤ ਦੇ ਹੁਕਮਾਂ ਦੀ ਪਾਲਣਾ ਵੀ ਹੋਵੇਗੀ।