ਪੱਤਰ ਪ੍ਰੇਰਕ
ਚੰਡੀਗੜ੍ਹ, 20 ਜਨਵਰੀ
ਸੀਟੀਯੂ ਵਰਕਰਜ਼ ਯੂਨੀਅਨ (ਸਾਂਝਾ ਮੋਰਚਾ) ਦੀ ਅਗਵਾਈ ਵਿੱਚ ਸੀਟੀਯੂ ਦੀਆਂ ਸਾਰੀਆਂ ਜਥੇਬੰਦੀਆਂ ਨੇ ਅਦਾਰੇ ਵਿੱਚ 417 ਬੱਸਾਂ ਦੇ ਫਲੀਟ ਨੂੰ ਪੂਰਾ ਕਰਵਾਉਣ ਲਈ ਅਤੇ ਕਿਲੋਮੀਟਰ ਸਕੀਮ ਵਿੱਚ ਲਈਆਂ ਜਾ ਰਹੀਆਂ ਪ੍ਰਾਈਵੇਟ ਬੱਸਾਂ ਦੇ ਵਿਰੋਧ ਵਿੱਚ ਅੱਜ ਬੱਸ ਸਟੈਂਡ-17 ਵਿੱਚ ਯੂਟੀ ਪ੍ਰਸ਼ਾਸਨ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਯੂਨੀਅਨ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਉਪ ਪ੍ਰਧਾਨ ਚਰਨਜੀਤ ਸਿੰਘ ਢੀਂਡਸਾ, ਜਨਰਲ ਸਕੱਤਰ ਸਤਿੰਦਰ ਸਿੰਘ ਤੇ ਕੈਸ਼ੀਅਰ ਤੇਜਵੀਰ ਸਿੰਘ ਤੇ ਫੈੱਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਹੰਸ ਨੇ ਕਿਹਾ ਕਿ ਯੂ.ਟੀ. ਪ੍ਰਸ਼ਾਸਨ ਯੂਨੀਅਨ ਨਾਲ 27 ਜੁਲਾਈ 2016 ਨੂੰ ਹੋਏ ਸਮਝੌਤੇ ਮੁਤਾਬਕ ਸੀ.ਟੀ.ਯੂ. ਅਦਾਰੇ ਲਈ ਸਰਕਾਰੀ ਬੱਸਾਂ ਖਰੀਦਣ ਦਾ ਪ੍ਰਬੰਧ ਕਰੇ। ਕੇਂਦਰ ਸਰਕਾਰ ਵੱਲੋਂ 41 ਨਵੀਆਂ ਬੱਸਾਂ ਲਈ ਸੀ.ਟੀ.ਯੂ. ਨੂੰ 23 ਕਰੋੜ ਦੇ ਲਗਭਗ ਬਜਟ ਨੂੰ ਮਨਜ਼ੂਰੀ ਦਿੱਤੀ ਹੋਈ ਹੈ ਪਰ ਯੂ.ਟੀ. ਪ੍ਰਸ਼ਾਸਨ ਪ੍ਰਾਈਵੇਟ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੂੰ ਲੈਣ ਲਈ ਤਰਲੋਮੱਛੀ ਹੋ ਰਿਹਾ ਹੈ ਜਿਸ ਵਿੱਚ ਅਫ਼ਸਰਸਾਹੀ ਦੇ ਨਿੱਜੀ ਲਾਭ ਛਿਪੇ ਹੋਏ ਹਨ। ਯੂਨੀਅਨ ਨੇ ਯੂਟੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸੀਟੀਯੂ ਦੀਆਂ 417 ਬੱਸਾਂ ਦਾ ਫਲੀਟ ਪੂਰਾ ਨਾ ਕੀਤਾ ਅਤੇ ਕਿਲੋਮੀਟਰ ਸਕੀਮ ਦੀਆਂ ਪ੍ਰਾਈਵੇਟ ਬੱਸਾਂ ਦੇ ਟੈਂਡਰ ਨੂੰ ਰੱਦ ਨਾ ਕੀਤਾ ਜਾਂ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੀਟੀਯੂ ਦੇ ਹਾਲਾਤ ਕਿਸੇ ਵੀ ਸਮੇਂ ਖਰਾਬ ਹੋ ਸਕਦੇ ਹਨ ਜਿਸ ਦੀ ਸਾਰੀ ਜ਼ਿੰਮੇਵਾਰੀ ਯੂਟੀ ਪ੍ਰਸ਼ਾਸਨ ਦੀ ਹੋਵੇਗੀ। ਯੂਨੀਅਨ ਆਗੂਆਂ ਜੋਗਿੰਦਰ ਸਿੰਘ, ਭੁਪਿੰਦਰ ਸਿੰਘ, ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਅਨਿਲ ਕੁਮਾਰ, ਚੰਡੀਗੜ੍ਹ ਏਟਕ ਦੇ ਪ੍ਰਧਾਨ ਰਾਜ ਕੁਮਾਰ, ਤਰਕਸ਼ੀਲ ਕਮੇਟੀ ਦੇ ਆਗੂ ਜੋਗਾ ਸਿੰਘ, ਨਿਰਮਲ ਸਿੰਘ, ਰਵਿੰਦਰ ਸਿੰਘ, ਜਸਵੰਤ ਸਿੰਘ ਜੱਸਾ, ਬਲਰਾਜ ਸਿੰਘ, ਸ਼ਮਸ਼ੇਰ ਸਿੰਘ ਨੇ ਕਿਹਾ ਕਿ ਨਿੱਜੀਕਰਨ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।