ਕੁਲਦੀਪ ਸਿੰਘ
ਚੰਡੀਗੜ੍ਹ, 6 ਜਨਵਰੀ
ਸੀ.ਟੀ.ਯੂ. ਵਰਕਰਜ਼ ਯੂਨੀਅਨ (ਸਾਂਝਾ ਮੋਰਚਾ) ਦੀ ਅਗਵਾਈ ਵਿੱਚ ਅਦਾਰੇ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੀ.ਟੀ.ਯੂ. ਦੀਆਂ 417 ਬੱਸਾਂ ਦੇ ਫਲੀਟ ਨੂੰ ਪੂਰਾ ਕਰਵਾਉਣ ਲਈ ਅਤੇ ਕਿਲੋਮੀਟਰ ਸਕੀਮ ਵਿੱਚ ਲਈਆਂ ਜਾ ਰਹੀਆਂ ਪ੍ਰਾਈਵੇਟ ਬੱਸਾਂ ਦੇ ਵਿਰੋਧ ਵਿੱਚ ਅੱਜ ਡਾਇਰੈਕਟਰ ਟਰਾਂਸਪੋਰਟ ਦੇ ਦਫ਼ਤਰ ਵਿਖੇ ਯੂ.ਟੀ. ਪ੍ਰਸ਼ਾਸਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਕੱਠੇ ਹੋਏ ਮੁਲਾਜ਼ਮਾਂ ਨੇ ਹੱਥਾਂ ਵਿੱਚ ਕਾਲ਼ੀਆਂ ਝੰਡੀਆਂ ਫੜ ਕੇ ਪ੍ਰਸ਼ਾਸਨ ਅਤੇ ਅਦਾਰੇ ਦੀ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਵਾਈਸ ਪ੍ਰਧਾਨ ਚਰਨਜੀਤ ਸਿੰਘ ਢੀਂਡਸਾ, ਜਨਰਲ ਸਕੱਤਰ ਸਤਿੰਦਰ ਸਿੰਘ ਤੇ ਕੈਸ਼ੀਅਰ ਤੇਜਵੀਰ ਸਿੰਘ ਆਦਿ ਨੇ ਕਿਹਾ ਕਿ ਯੂ.ਟੀ. ਪ੍ਰਸ਼ਾਸਨ ਯੂਨੀਅਨ ਨਾਲ 27 ਜੁਲਾਈ 2016 ਨੂੰ ਹੋਏ ਸਮਝੌਤੇ ਮੁਤਾਬਿਕ ਸੀ.ਟੀ.ਯੂ. ਅਦਾਰੇ ਲਈ ਸਰਕਾਰੀ ਬੱਸਾਂ ਖਰੀਦਣ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ 27 ਜੁਲਾਈ 2016 ਨੂੰ ਯੂ.ਟੀ. ਪ੍ਰਸ਼ਾਸਕ ਦੇ ਸਲਾਹਕਾਰ ਦੀ ਅਗਵਾਈ ਵਿੱਚ ਕਮੇਟੀ ਮੈਂਬਰਾਂ ਫਾਈਨਾਂਸ ਸੈਕਟਰੀ ਯੂ.ਟੀ. ਚੰਡੀਗੜ੍ਹ, ਸੈਕਟਰੀ ਟਰਾਂਸਪੋਰਟ, ਡਾਇਰੈਕਟਰ ਟਰਾਂਸਪੋਰਟ ਤੇ ਇੰਸਪੈਕਟਰ ਜਨਰਲ ਪੁਲੀਸ ਚੰਡੀਗੜ੍ਹ ਦੀ ਅਗਵਾਈ ਹੇਠ ਸੀ.ਟੀ.ਯੂ. ਵਿੱਚ ਕੰਡਮ ਹੋ ਰਹੀਆਂ 200 ਬੱਸਾਂ ਦੀ ਥਾਂ ਨਵੀਆਂ ਬੱਸਾਂ ਖਰੀਦਣ ਦੀ ਪਾਲਿਸੀ ਬਣਾਈ ਗਈ ਸੀ। ਉਨ੍ਹਾਂ ਵਿੱਚੋਂ 81 ਬੱਸਾਂ ਲਿਆਉਣੀਆਂ ਅਜੇ ਬਾਕੀ ਹਨ। ਕੇਂਦਰ ਸਰਕਾਰ ਵੱਲੋਂ 41 ਨਵੀਆਂ ਬੱਸਾਂ ਲਈ ਸੀ.ਟੀ.ਯੂ. ਨੂੰ 23 ਕਰੋੜ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਹੋਈ ਹੈ ਪ੍ਰੰਤੂ ਯੂ.ਟੀ. ਪ੍ਰਸ਼ਾਸਨ ਪ੍ਰਾਈਵੇਟ ਕਿਲੋਮੀਟਰ ਸਕੀਮ ਦੀਆਂ ਬੱਸਾਂ ਲੈਣ ਲਈ ਤਰਲੋਮੱਛੀ ਹੋ ਰਿਹਾ ਹੈ ਜਿਸ ਵਿੱਚ ਅਫ਼ਸਰਸ਼ਾਹੀ ਦੇ ਨਿੱਜੀ ਲਾਭ ਛਿਪੇ ਹੋਏ ਹਨ। ਯੂਨੀਅਨ ਨੇ ਯੂ.ਟੀ. ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੀ.ਟੀ.ਯੂ. ਦੀਆਂ 417 ਬੱਸਾਂ ਦਾ ਫਲੀਟ ਪੂਰਾ ਨਾ ਕੀਤਾ ਅਤੇ ਕਿਲੋਮੀਟਰ ਸਕੀਮ ਦੀਆਂ ਪ੍ਰਾਈਵੇਟ ਬੱਸਾਂ ਦੇ ਟੈਂਡਰ ਨੂੰ ਰੱਦ ਨਾ ਕੀਤਾ ਤਾਂ ਹੋਰ ਤਿੱਖੇ ਸੰਘਰਸ਼ ਵਿੱਢੇ ਜਾਣਗੇ। ਆਗੂਆਂ ਨੇ ਐਲਾਨ ਕੀਤਾ ਕਿ ਅੱਜ ਸ਼ੁਰੂ ਕੀਤੇ ਗਏ ਪੁਤਲਾ ਫੂਕ ਪ੍ਰਦਰਸ਼ਨਾਂ ਦੀ ਲੜੀ ਵਜੋਂ 20 ਜਨਵਰੀ ਨੂੰ ਬੱਸ ਸਟੈਂਡ 17 ’ਤੇ ਪੁਤਲਾ ਫੂਕਿਆ ਜਾਵੇਗਾ। ਯੂਨੀਅਨ ਆਗੂਆਂ ਜੋਗਿੰਦਰ ਸਿੰਘ, ਭੁਪਿੰਦਰ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ, ਗੁਰਮੇਲ ਸਿੰਘ ਦਾਰਾ ਆਦਿ ਹਾਜ਼ਰ ਸਨ।