ਕੁਲਦੀਪ ਸਿੰਘ
ਚੰਡੀਗੜ੍ਹ, 12 ਜੂਨ
ਸਿਟੀ ਬਿਊਟੀਫੁੱਲ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਸੀਟੀਯੂ ਬੱਸਾਂ ਦੀ ਅੰਤਰਰਾਜੀ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਯਾਤਰੀਆਂ ਨੂੰ ਚੰਡੀਗੜ੍ਹ ਲਿਆਉਣ ਲਈ ਅੰਤਰਰਾਜੀ ਬੱਸਾਂ ਚਲਾਉਣ ਲਈ ਦੂਜੇ ਸੂਬਿਆਂ ਨੂੰ ਦਿੱਤੀ ਗਈ ਸਹਿਮਤੀ ਵਾਪਸ ਲੈਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਡੀ.ਜੀ.ਪੀ. ਸੰਜੇ ਬੈਨੀਵਾਲ ਵੀ ਮੌਜੂਦ ਸਨ ਜਦਕਿ ਬਾਕੀ ਅਧਿਕਾਰੀਆਂ ਨਾਲ ਪ੍ਰਸ਼ਾਸਕ ਵੱਲੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਪ੍ਰਸ਼ਾਸਨ ਨੇ ਮਹਿਸੂਸ ਕੀਤਾ ਹੈ ਕਿ ਸ਼ਹਿਰ ਵਿੱਚ ਆਉਣ ਵਾਲੇ ਬਾਹਰੀ ਵਿਅਕਤੀ ਹੀ ਇਥੇ ਕਰੋਨਾ ਫੈਲਾ ਰਹੇ ਹਨ ਅਤੇ ਸ਼ਹਿਰ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਫ਼ੈਸਲਾ ਕੀਤਾ ਕਿ ਬਾਹਰੋਂ ਆਉਣ ਵਾਲੇ ਵਿਅਕਤੀਆਂ ਉੱਤੇ 30 ਜੂਨ ਤੱਕ ਖਾਸ ਪਾਬੰਦੀਆਂ ਲਗਾਈਆਂ ਜਾਣ। ਊਨ੍ਹਾਂ ਕਿਹਾ ਕਿ ਸੜਕ ਰਸਤੇ, ਰੇਲ ਗੱਡੀਆਂ ਜਾਂ ਫਲਾਈਟਾਂ ਰਾਹੀਂ ਚੰਡੀਗੜ੍ਹ ਆਉਣ ਵਾਲੇ ਵਿਅਕਤੀਆਂ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ’ਚ ਰਹਿਣ ਦੀ ਸਲਾਹ ਦਿੱਤੀ ਜਾਵੇਗੀ। ਉਨ੍ਹਾਂ ਦੇ ਮੋਬਾਈਲ ਫ਼ੋਨਾਂ ਵਿੱਚ ‘ਅਰੋਗਿਆ ਸੇਤੂ’ ਐਪ ਡਾਊਨਲੋਡ ਕਰਨ ਨੂੰ ਲਾਜ਼ਮੀ ਕੀਤਾ ਜਾਵੇਗਾ। ਇਸੇ ਦੌਰਾਨ ਦਫ਼ਤਰਾਂ ਵਿੱਚ ਡਿਊਟੀਆਂ ਉੱਤੇ ਆਉਣ ਵਾਲੇ ਸਰਕਾਰੀ/ਪੀ.ਐੱਸ.ਯੂ./ਪ੍ਰਾਈਵੇਟ ਕਰਮਚਾਰੀਆਂ ਕੋਲ ਸ਼ਨਾਖ਼ਤੀ ਕਾਰਡ ਹੋਣੇ ਜ਼ਰੂਰੀ ਹਨ।
ਬਾਪੂਧਾਮ ਕਲੋਨੀ ਦੇ 800 ਕਾਮਿਆਂ ਦੀਆਂ ਤਨਖਾਹਾਂ ਰਿਲੀਜ਼
ਮੀਟਿੰਗ ਦੌਰਾਨ ਵੀਡੀਓ ਕਾਨਫ਼ਰੰਸਿੰਗ ਰਾਹੀਂ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਪ੍ਰਸ਼ਾਸਕ ਨੂੰ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਬਾਪੂ ਧਾਮ ਕਾਲੋਨੀ ਦੇ 800 ਪ੍ਰਾਈਵੇਟ ਕਾਮਿਆਂ ਨੂੰ ਤਨਖਾਹਾਂ ਰਿਲੀਜ਼ ਕਰ ਦਿੱਤੀਆਂ ਗਈਆਂ ਹਨ। ਇਹ ਕਰਮਚਾਰੀ ਕੰਟੇਨਮੈਂਟ ਏਰੀਆ ਨਾਲ ਸਬੰਧਤ ਹਨ ਜੋ ਆਪਣੇ ਕੰਮਾਂ ’ਤੇ ਨਹੀਂ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਵਿੱਚ 3,51,476 ਲੋਕਾਂ ਵੱਲੋਂ ਅਰੋਗਿਆ ਸੇਤੂ ਐਪ ਡਾਊਨਲੋਡ ਕੀਤਾ ਗਿਆ ਹੈ। ਇਕ ਵੱਖਰੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਆਉਣ ਵਾਲੇ ਵਿਅਕਤੀਆਂ ਕੋਲ ਕਰਫਿਊ ਪਾਸ ਜਾਂ ਪਰਮਿਟ ਤੋਂ ਇਲਾਵਾ ਆਪਣੀ ਯਾਤਰਾ ਸਬੰਧੀ ਜ਼ਰੂਰੀ ਦਸਤਾਵੇਜ਼ ਹੋਣੇ ਚਾਹੀਦੇ ਹਨ ਜੋ ਕਿ ਪ੍ਰਸ਼ਾਸਨ ਦੀ ਵੈੱਬਸਾਈਟ ਤੋਂ ਮੋਬਾਈਲ ਫ਼ੋਨ ਰਾਹੀਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਇਨਾਮਾਂ ਦਾ ਡਰਾਅ ਭਲਕੇ
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਅਲਾਟੀਆਂ ਨੂੰ ਬਕਾਇਆ ਰਾਸ਼ੀਆਂ ਦਾ ਭੁਗਤਾਨ ਆਨਲਾਈਨ ਕਰਨ ਵੱਲ ਉਤਸ਼ਾਹਿਤ ਕਰਨ ਲਈ ਇਨਾਮਾਂ ਦੇ ਡਰਾਅ 15 ਜੂਨ ਨੂੰ ਕੱਢੇ ਜਾਣਗੇ ਇਨ੍ਹਾਂ ਵਿੱਚੋਂ 30 ਜੇਤੂਆਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਪ੍ਰਾਪਤ ਜਾਣਕਾਰੀ ਮੁਤਾਬਕ ਤਾਲਾਬੰਦੀ ਕਾਰਨ ਮਾਰਚ, ਅਪਰੈਲ ਅਤੇ ਮਈ ਮਹੀਨਿਆਂ ਵਿੱਚ ਇਹ ਡਰਾਅ ਕੱਢੇ ਨਹੀਂ ਜਾ ਸਕੇ ਸਨ ਜਿਸ ਕਾਰਨ 15 ਜੂਨ ਨੂੰ ਤਿੰਨੋਂ ਮਹੀਨਿਆਂ ਦੇ ਇਨ੍ਹਾਂ 30 ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਇਹ ਭੁਗਤਾਨ ਨੈੱਟ ਬੈਂਕਿੰਗ, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡਾਂ ਰਾਹੀਂ ਕੀਤੇ ਜਾ ਸਕਦੇ ਹਨ।