ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਸਤੰਬਰ
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵੱਲੋਂ ਬੁੱਧਵਾਰ 16 ਸਤੰਬਰ ਤੋਂ 50 ਫ਼ੀਸਦ ਸਵਾਰੀਆਂ ਦੇ ਨਾਲ ਅੰਤਰਰਾਜੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ਪੰਜਾਬ ਅਤੇ ਹਰਿਆਣਾ ਦੇ 8-8 ਰੂਟਾਂ ’ਤੇ ਬੱਸਾਂ ਚੱਲਣਗੀਆਂ। ਕਰੋਨਾ ਮਹਾਮਾਰੀ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਸੀਟੀਯੂ ਦੀ ਬੱਸ ਸੇਵਾ ਟਰਾਈਸਿਟੀ ਤੱਕ ਹੀ ਸੀਮਤ ਸੀ। ਤਾਜ਼ਾ ਫ਼ੈਸਲੇ ਨਾਲ ਪੀਆਰਟੀਸੀ ਅਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵੀ ਚੰਡੀਗੜ੍ਹ ਵਿੱਚ ਦਾਖਲ ਹੋ ਸਕਣਗੀਆਂ। ਚੰਡੀਗੜ੍ਹ ਪ੍ਰਸ਼ਾਸਨ ਨੇ ਅੰਤਰਰਾਜੀ ਬੱਸ ਸੇਵਾ ਸ਼ੁਰੂ ਕਰਨ ਲਈ ਸੈਕਟਰ-17 ਬੱਸ ਅੱਡੇ ’ਤੇ ਆਰਜ਼ੀ ਤੌਰ ’ਤੇ ਸ਼ਿਫਟ ਕੀਤੀ ਸਬਜ਼ੀ ਮੰਡੀ ਨੂੰ ਮੁੜ ਸੈਕਟਰ-26 ’ਚ ਤਬਦੀਲ ਕਰ ਦਿੱਤਾ ਹੈ। ਸੈਕਟਰ-43 ਦੇ ਬੱਸ ਅੱਡੇ ਤੋਂ ਵੀ ਬੱਸਾਂ ਚੱਲਣਗੀਆਂ। ਯੂਟੀ ਪ੍ਰਸ਼ਾਸਨ ਨੇ ਸੈਕਟਰ-17 ਦੇ ਬੱਸ ਅੱਡੇ ਦੀ ਸਫ਼ਾਈ ਕਰਵਾ ਕੇ ਊਸ ਨੂੰ ਸੈਨੀਟਾਈਜ਼ ਕਰ ਦਿੱਤਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਸਬੰਧੀ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੀਟੀਯੂ ਵੱਲੋਂ ਬੁੱਧਵਾਰ ਤੋਂ ਚੰਡੀਗੜ੍ਹ ਤੋਂ ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਪਟਿਆਲਾ, ਮਹਿਤਪੁਰ ਤੱਕ, ਲੁਧਿਆਣਾ, ਦੀਨਾਨਗਰ ਅਤੇ ਬਠਿੰਡਾ ਦੇ ਰੂਟਾਂ ’ਤੇ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਪਾਣੀਪਤ, ਰੋਹਤਕ, ਯਮੂਨਾਨਗਰ, ਜੀਂਦ, ਹਿਸਾਰ, ਸਿਰਸਾ, ਹਾਂਸੀ ਅਤੇ ਕੁੰਡਲੀ ਬਾਰਡਰ ਤੱਕ ਬੱਸਾਂ ਚੱਲਣਗੀਆਂ।