ਸ਼ਸ਼ੀ ਪਾਲ ਜੈਨ
ਖਰੜ, 18 ਜੂਨ
ਕਣਕ ਦੇ ਸੀਜਨ ਦੌਰਾਨ ਅਪਰੈਲ 2021 ਵਿਚ ਪਨਸਪ ਵੱਲੋਂ ਕੇਂਦਰੀ ਪੂਲ ਲਈ ਨਜ਼ਕੀਦੀ ਪਿੰਡ ਦਾਊਂਮਾਜਰਾ ਵਿਚ ਖ਼ਰੀਦ ਕੇ ਰੱਖੀ ਕਣਕ ਅਜੇ ਤਕ ਚੁੱਕੀ ਨਹੀਂ ਗਈ ਹੈ। ਬੀਤੇ ਦਿਨ ਪਏ ਮੀਂਹ ਕਾਰਨ ਇਸ ਥਾਂ ’ਤੇ ਪਾਣੀ ਖੜ੍ਹਾ ਹੋਣ ਕਰ ਕੇ ਕਣਕ ਖ਼ਰਾਬ ਹੋ ਗਈ ਹੈ। ਇੱਥੋਂ ਦੇ ਇੱਕ ਵਪਾਰੀ ਅਰੁਣ ਕੁਮਾਰ ਵੱਲੋਂ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਅਤੇ ਐਫਸੀਆਈ ਦੇ ਅਧਿਕਾਰੀਆਂ ਨੂੰ ਈ-ਮੇਲ ਰਾਹੀਂ ਸ਼ਿਕਾਇਤ ਭੇਜੀ ਗਈ ਹੈ। ਉਨ੍ਹਾਂ ਆਪਣੀ ਸ਼ਿਕਾਇਤ ਨਾਲ ਪਿੰਡ ਦਾਊਂਮਾਜਰਾ ਵਿਚ ਰੱਖੀ ਕਣਕ ਦੇ ਆਲੇ-ਦੁਆਲੇ ਖੜ੍ਹੇ ਪਾਣੀ ਦੀਆਂ ਫੋਟੋਆਂ ਵੀ ਭੇਜੀਆਂ ਹਨ।
ਉਨ੍ਹਾਂ ਲਿਖਿਆ ਹੈ ਕਿ ਕਣਕ ਦਾ ਇਹ ਸਟਾਕ ਅਪਰੈਲ 2021 ਵਿਚ ਕੇਂਦਰੀ ਪੂਲ ਲਈ ਸਰਕਾਰੀ ਏਜੰਸੀ ਪਨਸਪ ਵੱਲੋਂ ਖ਼ਰੀਦੀ ਕਣਕ ਪਿੰਡ ਦਾਊਂਮਾਜਰਾ ਵਿਚ ਲਗਾਈ ਗਈ। ਉਨ੍ਹਾਂ ਲਿਖਿਆ ਕਿ ਕਣਕ ਦੀ ਚੁਕਾਈ ਨਾ ਹੋਣ ਕਾਰਨ ਇਹ ਖ਼ਰਾਬ ਹੋ ਰਹੀ ਹੈ। ਉਨ੍ਹਾਂ ਪਹਿਲਾਂ ਵੀ ਇਸ ਸਬੰਧੀ ਅਧਿਕਾਰੀਆਂ ਨੂੰ ਲਿਖਿਆ ਸੀ ਪਰ ਐਫਸੀਆਈ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇ ਤੁਰੰਤ ਇਹ ਕਣਕ ਇੱਥੋਂ ਨਾ ਚੁੱਕੀ ਗਈ ਤਾਂ ਮੀਂਹਾਂ ਕਾਰਨ ਕਰੋੜਾਂ ਰੁਪਏ ਦੀ ਕਣਕ ਖ਼ਰਾਬ ਹੋ ਜਾਵੇਗੀ।
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਪਹਿਲਾਂ ਐਫਸੀਆਈ ਨੂੰ ਜੋ ਹਦਾਇਤਾਂ ਦਿੱਤੀਆਂ ਗਈਆਂ ਸਨ, ਉਨ੍ਹਾਂ ਦੀ ਵੀ ਐਫਸੀਆਈ ਦੇ ਅਧਿਕਾਰੀਆਂ ਨੇ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਲਿਖਿਆ ਹੈ ਕਿ ਇੱਥੋਂ ਤੱਕ ਕਿ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਵੱਲੋਂ ਵੀ ਐਫਸੀਆਈ ਦੇ ਅਧਿਕਾਰੀਆਂ ਨੂੰ ਵਾਰ-ਵਾਰ ਕਿਹਾ ਗਿਆ ਹੈ ਕਿ ਇਸ ਕਣਕ ਦੀ ਚੁਕਾਈ ਕਰਵਾਈ ਜਾਵੇ ਪਰ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋ ਰਿਹਾ ਹੈ।