ਪੱਤਰ ਪ੍ਰੇਰਕ
ਚੰਡੀਗੜ੍ਹ, 15 ਮਈ
ਚੰਡੀਗੜ੍ਹ ਵਿੱਚ ਯੂ.ਟੀ. ਪ੍ਰਸ਼ਾਸਨ ਵੱਲੋਂ ਅੱਜ ਕਰੋਨਾ ਵਾਇਰਸ ਪੱਖੋਂ ਦੂਜੇ ਦਿਨ ਵੀ ਥੋੜ੍ਹੀ ਰਾਹਤ ਮਹਿਸੂਸ ਕੀਤੀ ਗਈ ਜਦੋਂ ਮਰੀਜ਼ਾਂ ਦੀ ਗਿਣਤੀ ਥੋੜ੍ਹੀ ਘਟਣੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਮ੍ਰਿਤਕ ਮਰੀਜ਼ਾਂ ਦਾ ਅੰਕੜਾ ਅੱਜ ਵੀ 8 ਰਿਹਾ ਜਦਕਿ 660 ਹੋਰ ਵਿਅਕਤੀਆਂ ਨੂੰ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।
ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਕ ਸੈਕਟਰ 40 ਨਿਵਾਸੀ 65 ਸਾਲਾ ਔਰਤ ਦੀ ਗ੍ਰੇਸ਼ੀਅਨ ਹਸਪਤਾਲ ਮੋਹਾਲੀ, ਸੈਕਟਰ 18 ਨਿਵਾਸੀ 82 ਸਾਲਾ ਔਰਤ ਦੀ ਮਾਇਓ ਹਸਪਤਾਲ ਮੁਹਾਲੀ, ਡੱਡੂਮਾਜਰਾ ਨਿਵਾਸੀ 52 ਸਾਲਾ ਵਿਅਕਤੀ ਅਤੇ 35 ਸਾਲਾ ਔਰਤ ਦੀ ਜੀ.ਐਮ.ਐਸ.ਐਚ.-16 ਵਿੱਚ, ਸੈਕਟਰ 27 ਨਿਵਾਸੀ 99 ਸਾਲਾ ਵਿਅਕਤੀ, ਮਨੀਮਾਜਰਾ ਨਿਵਾਸੀ 39 ਸਾਲਾ ਔਰਤ ਦੀ ਜੀ.ਐਮ.ਸੀ.ਐਚ.-32 ਵਿੱਚ, ਸੈਕਟਰ 45 ਨਿਵਾਸੀ 60 ਸਾਲਾ ਵਿਅਕਤੀ ਅਤੇ ਮੌਲੀਜਾਗਰਾਂ ਨਿਵਾਸੀ 32 ਸਾਲਾ ਵਿਅਕਤੀ ਦੀ ਪੀ.ਜੀ.ਆਈ. ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਇਹ ਸਾਰੇ ਮਰੀਜ਼ ਕਰੋਨਾ ਤੋਂ ਇਲਾਵਾ ਹੋਰਨਾਂ ਵੀ ਕਈ ਬਿਮਾਰੀਆਂ ਤੋਂ ਪੀੜਤ ਸਨ। ਸਿਹਤਯਾਬ ਹੋਣ ਉਪਰੰਤ 963 ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਤੋਂ ਡਿਸਚਾਰਜ ਕੀਤਾ ਗਿਆ ਜਿਸ ਦੌਰਾਨ ਸ਼ਹਿਰ ਵਿੱਚ ਇਸ ਸਮੇਂ ਕੁੱਲ ਮਰੀਜ਼ਾਂ ਦਾ ਅੰਕੜਾ 7847 ਹੈ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਕਰੋਨਾ ਮਹਾਮਾਰੀ ਦੇ 535 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 60059 ’ਤੇ ਪਹੁੰਚ ਗਈ ਹੈ। ਉਂਜ ਨਾਲ-ਨਾਲ ਕਰੋਨਾ ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ ਇਕੱਠੇ 1336 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਅੱਠ ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਅਤੇ ਹੁਣ ਤੱਕ 748 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਡੀਸੀ ਨੇ ਦੱਸਿਆ ਕਿ ਮੁਹਾਲੀ ਸ਼ਹਿਰੀ ਖੇਤਰ ਵਿੱਚ 109 ਵਿਅਕਤੀਆਂ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂਕਿ ਬਨੂੜ ਵਿੱਚ 3, ਕੁਰਾਲੀ ਵਿੱਚ 14, ਬੂਥਗੜ੍ਹ ਵਿੱਚ 16, ਘੜੂੰਆਂ ਵਿੱਚ 29, ਲਾਲੜੂ ਵਿੱਚ 49, ਖਰੜ ਵਿੱਚ 78, ਡੇਰਾਬੱਸੀ ਵਿੱਚ 104 ਅਤੇ ਢਕੋਲੀ ਵਿੱਚ 133 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ 10 ਹਜ਼ਾਰ 109 ਕਰੋਨਾ ਮਹਾਮਾਰੀ ਦੇ ਨਵੇਂ ਐਕਟਿਵ ਕੇਸ ਹਨ।
ਪੰਚਕੂਲਾ (ਪੱਤਰ ਪ੍ਰੇਰਕ): ਇੱਥੇ ਅੱਜ 224 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਜਿਸ ਵਿੱਚ ਪੰਚਕੂਲਾ ਜ਼ਿਲ੍ਹੇ ਦੇ 210 ਮਰੀਜ਼ ਸ਼ਾਮਲ ਸਨ। ਇੰਜ ਹੀ ਜ਼ਿਲ੍ਹੇ ਵਿੱਚ 3 ਮੌਤਾਂ ਕਰੋਨਾ ਕਾਰਨ ਹੋਈਆਂ ਹਨ। ਇਸ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ।
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 440 ਕੇਸ ਪਾਜ਼ੇਟਿਵ ਆਏ ਹਨ। ਇੰਜ ਕੁੱਲ ਮਰੀਜ਼ਾਂ ਦੀ ਗਿਣਤੀ 27081 ਹੋ ਗਈ ਹੈ ਅਤੇ 432 ਮਰੀਜ਼ ਡਿਸਚਾਰਜ ਹੋ ਗਏ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਅੱਜ 3 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 96 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਗਿਣਤੀ 879 ਹੋ ਗਈ ਹੈ।
ਰੂਪਨਗਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ 203 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂ ਕਿ 3 ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ। ਰੂਪਨਗਰ ਦੇ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਢਾਂਡਾ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 79, ਸ੍ਰੀ ਆਨੰਦਪੁਰ ਸਾਹਿਬ ਵਿੱਚ 46 ,ਸ੍ਰੀ ਚਮਕੌਰ ਸਾਹਿਬ ਇਲਾਕੇ ਵਿੱਚ 13 , ਨੰਗਲ ਇਲਾਕੇ ਵਿੱਚ 40, ਅਤੇ ਮੋਰਿੰਡਾ ਇਲਾਕੇ ਵਿੱਚ 25 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ। ਹੁਣ ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 1885 ਹੋ ਗਈ ਹੈ।
ਪੀਯੂ ਦੇ ਵਿਦਿਆਰਥੀਆਂ ਨੂੰ ਹੋਸਟਲ ਖਾਲੀ ਕਰਨ ਦੀ ਅਪੀਲ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਕੈਂਪ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਜਿਸ ਦੇ ਚਲਦਿਆਂ ਅਧਿਕਾਰੀਆਂ ਕਰਮਚਾਰੀਆਂ ਤੋਂ ਬਾਅਦ ਹੁਣ ਤੀਜਾ ਤੇ ਚੌਥਾ ਦਰਜਾ ਦੇ ਕਰਮਚਾਰੀਆਂ ਨੂੰ ਵੀ ਕਰੋਨਾ ਦੀ ਲਾਗ ਲੱਗ ਚੁੱਕੀ ਹੈ। ਜਾਣਕਾਰੀ ਮੁਤਾਬਕ ’ਵਰਸਿਟੀ ਵਿੱਚ 35 ਤੋਂ 40 ਕਰਮਚਾਰੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿੱਚ ਕਲੀਨਰ, ਅਟੈਂਡੈਂਟਸ, ਮਾਲੀ ਅਤੇ ਮੈੱਸ ਅਤੇ ਕੰਟੀਨਾਂ ਦੇ ਵਰਕਰ ਵੀ ਸ਼ਾਮਿਲ ਹਨ। ਡੀਨ ਵਿਦਿਆਰਥੀ ਭਲਾਈ ਪ੍ਰੋ. ਐਸ.ਕੇ. ਤੋਮਰ ਮੁਤਾਬਕ ਕੁਝ ਦਿਨ ਪਹਿਲਾਂ ਹੋਸਟਲਾਂ ਦੇ ਵਾਰਡਨ ਅਤੇ ਦਫ਼ਤਰੀ ਸਟਾਫ਼ ਵੀ ਕਰੋਨਾ ਦੀ ਲਪੇਟ ਵਿੱਚ ਆ ਚੁੱਕੇ ਹੋਏ ਹਨ ਅਤੇ ਦੋ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਦੀਆਂ ਕਰੋਨਾ ਕਾਰਨ ਜਾਨਾਂ ਵੀ ਜਾ ਚੁੱਕੀਆਂ ਹਨ। ਪੀ.ਯੂ. ਕੈਂਪਸ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਕਰੋਨਾ ਦੀ ਲਾਗ ਫੈਲਣ ਕਾਰਨ ਪ੍ਰਬੰਧਕੀ ਬਲਾਕ, ਉਪ-ਕੁਲਪਤੀ ਦਫ਼ਤਰ ਸਮੇਤ ਕਈ ਵਿਭਾਗਾਂ ਦੀਆਂ ਇਮਾਰਤਾਂ ਵੀ ਕੁਝ ਦਿਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਅਥਾਰਟੀ ਵੱਲੋਂ ਕੈਂਪਸ ਵਿੱਚ ਆਏ ਕਰੋਨਾ ਕੇਸਾਂ ਦੇ ਮੱਦੇਨਜ਼ਰ ਹੋਸਟਲਾਂ ਵਿੱਚ ਰਹਿ ਰਹੇ ਵਿਦਿਆਰਥੀਆਂ ਨੂੰ ਹੋਸਟਲ ਖਾਲੀ ਕਰਨ ਲਈ ਕਿਹਾ ਗਿਆ ਹੈ।