ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 23 ਦਸੰਬਰ
ਚੰਡੀਗੜ੍ਹ-ਅੰਬਾਲਾ ਕੌਮੀ ਰਾਹ ’ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਹੋ ਰਹੀ ਇਕ ਬੇਸਮੈਂਟ ਦੀ ਖੁਦਾਈ ਕਾਰਨ ਪਾਵਰਕੌਮ ਦੇ ਐਕਸੀਅਨ ਦੇ ਦਫਤਰ ਵਿੱਚ ਤਰੇੜਾਂ ਪੈ ਗਈਆਂ। ਦਫ਼ਤਰ ਕਦੇ ਵੀ ਡਿੱਗ ਸਕਦਾ ਹੈ, ਜਿਸ ਕਾਰਨ ਨਗਰ ਕੌਂਸਲ ਨੇ ਇਸ ਦਫ਼ਤਰ ਨੂੰ ਅਸੁਰੱਖਿਅਤ ਐਲਾਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਥੋਂ ਦੀ ਪਟਿਆਲਾ ਰੋਡ ’ਤੇ ਦੋ ਮੰਜਿਲਾ ਸ਼ੋਅਰੂਮ ਢੇਰੀ ਹੋ ਚੁੱਕਿਆ ਹੈ। ਐਕਸੀਅਨ ਦਫ਼ਤਰ ਨਾਲ ਹੋ ਰਹੀ ਬੇਸਮੈਂਟ ਦੀ ਖੁਦਾਈ ਬਾਰੇ ਪਹਿਲਾਂ ਵੀ ਸਥਾਨਕ ਲੋਕਾਂ ਨੇ ਕੌਂਸਲ ਨੂੰ ਸ਼ਿਕਾਇਤ ਕੀਤੀ ਸੀ, ਪਰ ਉਨ੍ਹਾਂ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਅੱਜ ਇਮਾਰਤ ਵਿੱਚ ਤਰੇੜਾਂ ਪੈ ਗਈਆਂ। ਨਗਰ ਕੌਂਸਲ ਦੇ ਐੱਮਈ ਮੁਕੇਸ਼ ਰਾਏ ਨੇ ਕਿਹਾ ਕਿ ਐਕਸੀਅਨ ਦਫ਼ਤਰ ਨੂੰ ਅਸੁਰੱਖਿਅਤ ਐਲਾਨਦੇ ਹੋਏ ਖਾਲੀ ਕਰਵਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਿਲਡਰ ਸੁਰਿੰਦਰ ਬਾਂਸਲ ਨੂੰ ਨੋਟਿਸ ਕੱਢਦੇ ਹੋਏ ਉਸ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।