ਪੱਤਰ ਪ੍ਰੇਰਕ
ਬਨੂੜ, 30 ਮਈ
ਸੀਪੀਐਮ ਵੱਲੋਂ ਦੇਸ਼-ਵਿਆਪੀ ਸੱਦੇ ਤਹਿਤ ਬਨੂੜ ਦੇ ਬਾਜ਼ਾਰਾਂ ਵਿੱਚ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਵਰਕਰਾਂ ਨੇ ਹੱਥਾਂ ਵਿੱਚ ਲਾਲ ਝੰਡੇ ਫੜ ਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਅਤੇ ਪ੍ਰਧਾਨ ਮੰਤਰੀ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਬੰਨੋ ਮਾਈ ਚੌਕ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਸੀਪੀਅਮ ਦੇ ਸੂਬਾ ਸਕੱਤਰੇਤ ਮੈਂਬਰ ਗੁਰਦਰਸ਼ਨ ਸਿੰਘ ਖਾਸਪੁਰ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸਤਪਾਲ ਸਿੰਘ ਰਾਜੋਮਾਜਰਾ ਨੇ ਆਖਿਆ ਕਿ ਰਸੋਈ ਗੈਸ, ਤੇਲ ਅਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਜਿੰਨੀਆਂ ਆਜ਼ਾਦੀ ਤੋਂ 70 ਸਾਲਾਂ ਵਿੱਚ ਹੋਈਆਂ ਸਨ, ਭਾਜਪਾ ਦੇ ਅੱਠ ਸਾਲਾਂ ਵਿੱਚ ਦੁੱਗਣੀਆਂ ਹੋ ਗਈਆਂ ਹਨ।
ਇਸ ਮੌਕੇ ਪਾਸ ਮਤੇ ਵਿੱਚ ਮਹਿੰਗਾਈ ਉੱਤੇ ਤੁਰੰਤ ਨੱਥ ਪਾਉਣ ਅਤੇ ਦੇਸ਼ ਵਾਸੀਆਂ ਨੂੰ ਦੇਸ਼ ਦੀ ਏਕਤਾ ਅਤੇ ਭਾਈਚਾਰਕ ਸਾਂਝ ਦੀ ਕਾਇਮੀ ਅਤੇ ਮਹਿੰਗਾਈ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਇਸ ਮੌਕੇ ਮੋਹਨ ਸਿੰਘ ਸੋਢੀ, ਜਗੀਰ ਸਿੰਘ ਹੰਸਾਲਾ, ਹਰਦੀਪ ਸਿੰਘ ਬੂਟਾਸਿੰਘ ਵਾਲਾ, ਅਮਰਜੀਤ ਸਿੰਘ, ਡਾ ਨਿਸ਼ੀ, ਕਰਮ ਸਿੰਘ, ਪਿਆਰਾ ਸਿੰਘ ਪੰਛੀ ਆਦਿ ਹਾਜ਼ਰ ਸਨ।