ਪੱਤਰ ਪ੍ਰੇਰਕ
ਚੰਡੀਗੜ੍ਹ, 16 ਜੂਨ
ਚੰਡੀਗੜ੍ਹ ਜ਼ਿਲ੍ਹਾ ਕੌਂਸਲ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਕਾਮਰੇਡ ਦੇਵੀ ਦਿਆਲ ਸ਼ਰਮਾ, ਕਾਮਰੇਡ ਰਾਜ ਕੁਮਾਰ ਸੈਕਟਰੀ ਅਤੇ ਕਾਮਰੇਡ ਪ੍ਰੀਤਮ ਸਿੰਘ ਹੁੰਦਲ ਵੱਲੋਂ ਦਿੱਤੇ ਗਏ ਸਾਂਝੇ ਬਿਆਨ ਰਾਹੀਂ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪਿੰਡਾਂ ਵਿਚ ਕਰੋਨਾ ਦੌਰ ਦੌਰਾਨ ਲਗਾਏ ਜਾ ਰਹੇ ਕਮਰਸ਼ੀਅਲ ਟੈਕਸ ਦੇ ਭੇਜੇ ਜਾ ਰਹੇ ਨੋਟਿਸਾਂ ਦੀ ਪੂਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਭਾਰਤੀ ਕਮਿਊਨਿਸਟ ਪਾਰਟੀ ਨੇ ਮੰਗ ਕੀਤੀ ਹੈ ਕਿ ਭੇਜੇ ਜਾ ਰਹੇ ਨੋਟਿਸ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਨਵੇਂ ਚੰਡੀਗੜ੍ਹ ਨੂੰ ਜਾਂਦੀ ਸੜਕ ਨੂੰ ਚੌੜਾ ਕਰਨ ਦੇ ਬਹਾਨੇ ਜ਼ਮੀਨ ਗ੍ਰਹਿਣ ਕਰਨ ਲਈ ਐਲਾਨੇ ਗਏ ਰੇਟਾਂ ਨੂੰ ਵੀ ਕਾਫ਼ੀ ਘੱਟ ਦੱਸਿਆ ਤੇ ਕਿਹਾ ਕਿ ਇਹ ਕੀਮਤ ਮਾਰਕੀਟ ਰੇਟਾਂ ਤੋਂ ਕਿਤੇ ਘੱਟ ਹੈ। ਭਾਰਤੀ ਕਮਿਊਨਿਸਟ ਪਾਰਟੀ ਮੰਗ ਕਰਦੀ ਹੈ ਕਿ ਪਿੰਡ ਧਨਾਸ ਅਤੇ ਡੱਡੂ ਮਾਜਰਾ ਦੀ ਗ੍ਰਹਿਣ ਕੀਤੀ ਜਾ ਰਹੀ ਜ਼ਮੀਨ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ 2013 ਭੂਮੀ ਗ੍ਰਹਿਣ ਕਰਨ ਦੇ ਕਾਨੂੰਨ ਮੁਤਾਬਿਕ, ਮੁੜ ਵਸੇਬੇ ਦਾ ਪੂਰਾ ਲਾਭ, ਕੰਮਕਾਰ, ਨੌਕਰੀਆਂ, ਰਿਹਾਇਸ਼ ਆਦਿ ਬਾਰੇ ਦਿੱਤੀਆਂ ਗਈਆਂ ਸ਼ਰਤਾਂ ਪੂਰੀਆਂ ਕੀਤੀਆਂ ਜਾਣ।