ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 13 ਮਾਰਚ
ਚੰਡੀਗੜ੍ਹ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ ਮਿਲੇ ਕਰੋਨਾ ਦੇ 144 ਨਵੇਂ ਕੇਸਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਸਣੇ ਸਿਹਤ ਵਿਭਾਗ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਜਾਣਕਾਰੀ ਮੁਤਾਬਿਕ ਫਰਵਰੀ ਮਹੀਨੇ ਤੋਂ ਬਾਅਦ ਹੁਣ ਤੱਕ ਕੇਸਾਂ ਦਾ ਰੋਜ਼ਾਨਾ ਅੰਕੜਾ ਸੌ ਸੀ, ਪਰ ਅੱਜ ਇਹ ਵਧਕੇ 144 ਤੱਕ ਪੁੱਜ ਗਿਆ ਹੈ। ਇਸ ਤੋਂ ਇਲਾਵਾ ਬੀਤੇ ਚੌਵੀ ਘੰਟਿਆਂ ’ਚ ਧਨਾਸ ਵਾਸੀ ਮਹਿਲਾ (51) ਦੀ ਕਰੋਨਾ ਕਾਰਨ ਮੌਤ ਹੋ ਗਈ, ਜੋ ਕਿ ਬਲੱਡ ਪ੍ਰੈੱਸ਼ਰ ਸਣੇ ਦਿਲ ਦੇ ਰੋਗ ਤੋਂ ਪੀੜਤ ਸੀ। ਇਸ ਦੇ ਨਾਲ ਹੀ 47 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।
ਸ਼ਹਿਰ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 1034 ਤੱਕ ਪੁੱਜ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਚੰਡੀਗੜ੍ਹ ਵਿੱਚ ਕੁੱਲ 22,976 ਲੋਕ ਕਰੋਨਾ ਪੀੜਤ ਮਿਲੇ ਹਨ, ਜਿਨ੍ਹਾਂ ਵਿੱਚੋਂ 358 ਜਣਿਆਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਕੁੱਲ 2,76,905 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 22,976 ਲੋਕ ਪਾਜ਼ੇਟਿਵ ਹਨ।
ਇਸ ਤੋਂ ਇਲਾਵਾ 21,586 ਮਰੀਜ਼ ਤੰਦਰੁਸਤ ਹੋ ਚੁੱਕੇ ਹਨ ਤੇ ਸ਼ਹਿਰ ਵਿੱਚ ਹਾਲੇ ਵੀ ਇੱਕ ਹਜ਼ਾਰ ਤੋਂ ਵੱਧ ਕਰੋਨਾ ਮਰੀਜ਼ ਹਨ। ਸਿਹਤ ਵਿਭਾਗ ਵੱਲੋਂ 109 ਜਣਿਆਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 69 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਇਨ੍ਹਾਂ ਵਿੱਚੋਂ ਪੰਚਕੂਲਾ ਜ਼ਿਲ੍ਹੇ ਦੇ 62 ਮਰੀਜ਼ ਹਨ। ਬਾਕੀ ਮਾਮਲੇ ਦੂਸਰੇ ਜ਼ਿਲ੍ਹਿਆਂ ਜਾਂ ਰਾਜਾਂ ਦੇ ਹਨ। ਇਨ੍ਹਾਂ ਵਿੱਚ 28 ਔਰਤਾਂ ਅਤੇ 34 ਮਰਦ ਹਨ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ। ਉਨ੍ਹਾਂ ਕਿਹਾ ਕਿ ਪੰਚਕੂਲਾ ਜ਼ਿਲ੍ਹੇ ਵਿੱਚ ਹੁਣ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧਣ ਕਾਰਨ ਸਿਹਤ ਵਿਭਾਗ ਲਈ ਚਿੰਤਾ ਵਧੀ ਹੈ।
ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਤਿੰਨ ਮੌਤਾਂ
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 125 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 21,656 ’ਤੇ ਪਹੁੰਚ ਗਈ ਹੈ। ਅੱਜ 64 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਅੱਜ ਤਿੰਨ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ ਹੁਣ ਤੱਕ 401 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਫ਼ਤਹਿਗੜ੍ਹ ਸਾਹਿਬ ਵਿੱਚ 13 ਕੇਸ ਪਾਜ਼ੇਟਿਵ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਕਰੋਨਾ ਦੇ 13 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਮੌਜੂਦਾ ਸਮੇਂ ਸਰਗਰਮ ਕੇਸਾਂ ਦੀ ਗਿਣਤੀ 211 ਹੋ ਗਈ ਹੈ ਜਦੋਂਕਿ 114 ਵਿਅਕਤੀਆਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਜ਼ਿਲ੍ਹੇ ਵਿਚ 406 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ।