ਦਰਸ਼ਨ ਸਿੰਘ ਸੋਢੀ
ਮੁਹਾਲੀ, 6 ਜੂਨ
ਆਮ ਆਦਮੀ ਪਾਰਟੀ (ਆਪ) ਦੇ ਵਾਲੰਟੀਅਰਾਂ ਨੇ ਪੰਜਾਬ ਸਰਕਾਰ ’ਤੇ ਕੋਵਿਡ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦਾ ਦੋਸ਼ ਲਗਾਉਂਦੇ ਹੋਏ ਐਤਵਾਰ ਨੂੰ ਬਾਅਦ ਦੁਪਹਿਰ ਇਥੋਂ ਦੇ ਫੇਜ਼-7 ਸਥਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕੀਤਾ ਅਤੇ ਮੰਤਰੀ ਦਾ ਪੁਤਲਾ ਸਾੜਿਆ। ਹਾਲਾਂਕਿ ਮੁਹਾਲੀ ਪੁਲੀਸ ਵੱਲੋਂ ਸਾਰੇ ਐਂਟਰੀ ਪੁਆਇੰਟਾਂ ’ਤੇ ਬੈਰੀਕੇਡ ਲਗਾ ਕੇ ਸਖਤ ਸੁਰੱਖਿਆ ਪ੍ਬੰਧ ਕੀਤੇ ਗਏ ਸੀ ਪਰ ਵਾਲੰਟੀਅਰ ਪੁਲੀਸ ਰੋਕਾਂ ਤੋੜ ਕੇ ਅੱਗੇ ਵਧ ਗਏ। ਸ੍ਰੀ ਸਿੱਧੂ ਦੇ ਘਰ ਨੇੜਲੇ ਮੋੜ ਉੱਤੇ ਵੀ ਪੁਲੀਸ ਵੱਲੋਂ ਜਬਰਦਸਤ ਬੈਰੀਕੇਡਿੰਗ ਕੀਤੀ ਗਈ, ਜਿੱਥੇ ਵਾਲੰਟੀਅਰਾਂ ਨੂੰ ਰੋਕ ਲਿਆ ਗਿਆ। ਇਸ ਦੌਰਾਨ ਪੁਲੀਸ ਵੱਲੋਂ ਸੈਂਕੜੇ ਵਾਲੰਟੀਅਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਆਪ ਆਗੂ ਗਗਨ ਅਨਮੋਲ, ਬੀਬੀ ਮਾਣੂਕੇ, ਨਰਿੰਦਰ ਸਿੰਘ ਸ਼ੇਰਗਿੱਲ, ਵਿਨੀਤ ਵਰਮਾ, ਪ੍ਰਭਜੋਤ ਕੌਰ, ਅਮਰਦੀਪ ਕੌਰ, ਜਗਦੇਵ ਸਿੰਘ ਮਲੋਆ, ਗੁਰਿੰਦਰ ਸਿੰਘ ਕੈਰੋਂ, ਹਰਜੀਤ ਸਿੰਘ, ਕੁਲਜੀਤ ਸਿੰਘ ਰੰਧਾਵਾ ਤੇ ਚਿਰਾਗਦੀਪ ਸਿੰਘ ਆਹਲੂਵਾਲੀ ਨੇ ਦੋਸ਼ ਲਾਇਆ ਕਿ ਸ੍ਰੀ ਸਿੱਧੂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਸਿਹਤ ਮੰਤਰੀ ਨਿੱਜੀ ਹਸਪਤਾਲਾਂ ਨੂੰ ਮੁਨਾਫ਼ਾ ਦੇਣ ਵਿੱਚ ਲੱਗੇ ਹੋਏ ਹਨ।
ਲੋਕਾਂ ਨੂੰ ਵੈਕਸੀਨ ਸਮੇਤ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣਾ ਸਿਹਤ ਮੰਤਰੀ ਦੀ ਜ਼ਿੰਮੇਦਾਰੀ ਹੈ ਪਰ ਕੇਂਦਰ ਵੱਲੋਂ ਕਰੋਨਾ ਤੋਂ ਬਚਾਅ ਲਈ 400 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ ਕੋ-ਵੈਕਸੀਨ ਦੀਆਂ ਭੇਜੀਆਂ 1 ਲੱਖ 40 ਹਜ਼ਾਰ ਖੁਰਾਕਾਂ ਲੋਕਾਂ ਨੂੰ ਮੁਫ਼ਤ ਵਿੱਚ ਮੁਹੱਈਆ ਕਰਵਾਉਣ ਦੀ ਬਜਾਏ 42 ਹਜ਼ਾਰ ਖੁਰਾਕਾਂ, 20 ਨਿੱਜੀ ਹਸਪਤਾਲਾਂ ਨੂੰ 1060 ਪ੍ਰਤੀ ਡੋਜ਼ ਦੇ ਹਿਸਾਬ ਨਾਲ ਵੇਚ ਦਿੱਤੀਆਂ ਤਾਂ ਜੋ ਨਿੱਜੀ ਹਸਪਤਾਲਾਂ ਵਾਲੇ ਹੋਰ ਮੁਨਾਫ਼ਾ ਕਮਾ ਸਕਣ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਨੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ, ਜਿਸ ਲਈ ਉਨ੍ਹਾਂ ਨੂੰ ਨੈਤਿਕਤਾ ਦੇ ਅਧਾਰ ’ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।