ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਮਈ
ਕਰੋਨਾ ਕਾਰਨ ਆਨਲਾਈਨ ਪੜ੍ਹਾਈ ਤੇ ਕੋਵਿਡ ਡਿਊਟੀਆਂ ਨੇ ਅਧਿਆਪਕਾਂ ਵਿਚ ਤਣਾਅ ਵਧਾ ਦਿੱਤਾ ਹੈ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦੇ ਬਾਵਜੂਦ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੀਸੀਟੀ ਤੇ ਹੋਰ ਕੰਮ ਦੇ ਦਿੱਤਾ ਹੈ ਜਿਸ ਕਾਰਨ ਅਧਿਆਪਕਾਂ ਦੀ ਚਿੰਤਾ ਵਧ ਗਈ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਕਰੋਨਾ ਕਾਰਨ ਪਿਛਲੇ ਦੋ ਦਿਨਾਂ ਵਿਚ ਦੋ ਅਧਿਆਪਕਾਂ ਦੀ ਮੌਤ ਹੋ ਗਈ ਹੈ ਤੇ ਕਈ ਅਧਿਆਪਕ ਕਰੋਨਾ ਕਾਰਨ ਜ਼ੇਰੇ ਇਲਾਜ ਹਨ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ 115 ਸਰਕਾਰੀ ਸਕੂਲ ਹਨ ਤੇ ਹਰ ਸਕੂਲ ਦੇ 3 ਤੋਂ 4 ਅਧਿਆਪਕਾਂ ਨੂੰ ਕਰੋਨਾ ਡਿਊਟੀਆਂ ’ਤੇ ਲਾਇਆ ਗਿਆ ਹੈ। ਇਨ੍ਹਾਂ ਵਿਚੋਂ ਤਾਂ ਕਈ ਕੰਟੇਨਮੈਂਟ ਜ਼ੋਨ ਦੇ ਬਾਹਰ ਤਾਇਨਾਤ ਹਨ ਜੋ ਕਰੋਨਾ ਮਰੀਜ਼ਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਲਈ ਜਾਗਰੂਕ ਕਰ ਰਹੇ ਹਨ। ਇਕ ਅਧਿਆਪਕ ਨੇ ਦੱਸਿਆ ਕਿ ਉਸ ਦੀ ਡਿਊਟੀ ਸੈਕਟਰ-22 ਵਿਚ ਲੱਗੀ ਹੋਈ ਹੈ ਤੇ ਕਈ ਕਰੋਨਾ ਮਰੀਜ਼ਾਂ ਨੂੰ ਲੋੜ ਅਨੁਸਾਰ ਸਾਮਾਨ ਵੀ ਮੁਹੱਈਆ ਕਰਵਾਉਣਾ ਪੈਂਦਾ ਹੈ ਪਰ ਉਸ ਨੂੰ ਨਾ ਤਾਂ ਵਿਭਾਗ ਨੇ ਪੀਪੀਈ ਕਿੱਟ ਦਿੱਤੀ ਹੈ ਤੇ ਨਾ ਹੀ ਕੋਈ ਹੋਰ ਸਹੂਲਤ।
ਸਰਕਾਰੀ ਸਕੂਲ ਦੇ ਇਕ ਹੋਰ ਅਧਿਆਪਕ ਨੇ ਦੱਸਿਆ ਕਿ ਅਧਿਆਪਕਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਵਿਚ ਵੀ ਸੀਸੀਟੀ ਦਾ ਕੰਮ ਭੇਜਣ ਤੇ ਵਿਦਿਆਰਥੀਆਂ ਦੀ ਫੀਡਬੈਕ ਲੈਣ। ਇਕ ਹੋਰ ਅਧਿਆਪਕ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਿਯਮਤ ਸਮੇਂ ’ਤੇ ਸੀਸੀਟੀ ਦੇ ਪ੍ਰਸ਼ਨ ਭੇਜਣ। ਅਧਿਆਪਕਾਂ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਨੂੰ ਇਨ੍ਹਾਂ ਹੁਕਮਾਂ ’ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ।
ਤਣਾਅਮੁਕਤ ਕਰਨ ਲਈ ਡਿਊਟੀਆਂ ਲਾਈਆਂ
ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਵਿਚ ਤਣਾਅ ਵਧਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਕੂਲ ਮੁਖੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਵਿਦਿਆਰਥੀਆਂ ਨੂੰ ਤਣਾਅਮੁਕਤ ਕਰਨ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਾਉਣ। ਪੱਤਰ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀ ਕਰੋਨਾ ਕਾਰਨ ਔਖੇ ਦੌਰ ਵਿਚੋਂ ਲੰਘ ਰਹੇ ਹਨ, ਇਸ ਹਾਲਤ ਵਿਚ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣ ਭਾਵੇਂ ਉਹ ਅਕਾਦਮਿਕ ਪੱਧਰ ਦੀਆਂ ਹੋਣ ਜਾਂ ਤਣਾਅ ਸਬੰਧੀ। ਇਸ ਕਰ ਕੇ ਅਧਿਆਪਕ ਹਫਤੇ ਵਿਚ ਵਿਦਿਆਰਥੀਆਂ ਨਾਲ ਇੰਟਰੈਕਟਿਵ ਸੈਸ਼ਨ ਸ਼ੁਰੂ ਕਰਨ। ਇਸ ਸਬੰਧੀ ਗੂਗਲ ਮੀਟ, ਜ਼ੂਮ ਜਾਂ ਹੋਰ ਮਾਧਿਅਮ ਵਰਤੇ ਜਾ ਸਕਦੇ ਹਨ।