ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਮਈ
ਚੰਡੀਗੜ੍ਹ ਨਗਰ ਨਿਗਮ ਦੀ 30 ਅਪਰੈਲ ਨੂੰ ਹੋਈ ਜਨਰਲ ਹਾਊਸ ਦੀ ਮੀਟਿੰਗ ਵਿੱਚ ‘ਆਪ’ ਦੇ ਫ਼ੈਸਲੇ ਵਿਰੁੱਧ ਵੋਟ ਕਰਨ ਵਾਲੇ 6 ਕੌਂਸਲਰਾਂ ਨੇ ਪਾਰਟੀ ਕਨਵੀਨਰ ਨੂੰ ਕਾਰਨ ਦੱਸੋ ਨੋਟਿਸ ਦਾ ਵੀਰਵਾਰ ਦੁਪਹਿਰ ਸਮੇਂ ਜਵਾਬ ਦੇ ਦਿੱਤਾ ਹੈ। ‘ਆਪ’ ਦੇ ਚੰਡੀਗੜ੍ਹ ਇਕਾਈ ਦੇ ਕਨਵੀਨਰ ਪ੍ਰੇਮ ਗਰਗ ਨੇ ਪਾਰਟੀ ਹਾਈਕਮਾਨ ਦੇ ਨਾਲ ਮੰਥਨ ਸ਼ੁਰੂ ਕਰ ਦਿੱਤਾ ਹੈ। ਪਾਰਟੀ ਕਨਵੀਨਰ ਨੇ ਦੋ ਦਿਨ ਪਹਿਲਾਂ ਵਾਰਡ ਨੰਬਰ-1 ਦੀ ਕੌਂਸਲਰ ਜਸਵਿੰਦਰ ਕੌਰ, ਵਾਰਡ ਨੰਬਰ-4 ਦੀ ਕੌਂਸਲਰ ਸੁਮਨ ਦੇਵੀ, ਵਾਰਡ ਨੰਬਰ-16 ਦੀ ਕੌਂਸਲਰ ਪੂਨਮ, ਵਾਰਡ ਨੰਬਰ-18 ਦੀ ਕੌਂਸਲਰ ਤਰੁਣਾ ਮਹਿਤਾ, ਵਾਰਡ ਨੰਬਰ-23 ਦੀ ਕੌਂਸਲਰ ਪ੍ਰੇਮ ਲਤਾ ਤੇ ਵਾਰਡ ਨੰਬਰ-26 ਦੀ ਕੌਂਸਲਰ ਕੁਲਦੀਪ ਢਲੌੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਜਿਨ੍ਹਾਂ ਨੇ ਜਵਾਬ ’ਚ ਕਿਹਾ ਕਿ ਨਿਗਮ ਮੀਟਿੰਗ ’ਚ ਪਾਰਟੀ ਦਾ ਫ਼ੈਸਲਾ ਸਮਝਣ ’ਚ ਗਲਤੀ ਰਹਿ ਗਈ ਹੈ। ਇਸ ਲਈ ਉਹ ਪਾਰਟੀ ਦੇ ਫ਼ੈਸਲੇ ਵਿਰੁੱਧ ਵੋਟ ਪਾ ਗਏ ਸਨ।
30 ਅਪਰੈਲ ਨੂੰ ਚੰਡੀਗੜ੍ਹ ਨਿਗਮ ਦੀ ਮੀਟਿੰਗ ਵਿੱਚ ਸਫਾਈ ਦਾ ਠੇਕਾ ਨਿੱਜੀ ਕੰਪਨੀ ਨੂੰ ਦੇਣ ਦੇ ਮੁੱਦੇ ’ਤੇ ਗਰਮਾ-ਗਰਮੀ ਹੋਈ। ਨਿਗਮ ’ਚ ਮਾਹੌਲ ਵਿਗੜਦਾ ਦੇਖ ਮੇਅਰ ਸਰਬਜੀਤ ਕੌਰ ਢਿੱਲੋਂ ਨੇ ਮਾਮਲੇ ’ਤੇ ਵੋਟਿੰਗ ਕਰਵਾਉਣ ਦੀ ਪੇਸ਼ਕਸ਼ ਦਿੱਤੀ। ਭਾਜਪਾ ਵੱਲੋਂ ਨਿੱਜੀ ਕੰਪਨੀ ਨੂੰ ਠੇਕਾ ਦੇਣ ਦੇ ਫ਼ੈਸਲੇ ਦੀ ਹਮਾਇਤ ਕੀਤੀ ਤਾਂ ਕਾਂਗਰਸ ਤੇ ‘ਆਪ’ ਨੇ ਫ਼ੈਸਲੇ ਦਾ ਵਿਰੋਧ ਕੀਤਾ। ਨਿਗਮ ਵਿੱਚ ਪਾਰਟੀ ਦੇ ਨੇਤਾ ਦੇ ਫ਼ੈਸਲੇ ਦੇ ਉਲਟ ਜਾ ਕੇ 6 ਕੌਂਸਲਰਾਂ ਨੇ ਵੋਟਿੰਗ ਕੀਤੀ ਸੀ।