ਹਰਜੀਤ ਸਿੰਘ
ਡੇਰਾਬੱਸੀ, 26 ਦਸੰਬਰ
ਇਥੋਂ ਦੀ ਬਰਵਾਲਾ ਰੋਡ ’ਤੇ ਸਥਿਤ ਸੈਣੀ ਭਵਨ ਵਿੱਚ ਨਗਰ ਕੌਂਸਲ ਦਾ ਦਫ਼ਤਰ ਤਬਦੀਲ ਕਰਨ ਦਾ ਮਾਮਲਾ ਭਖ਼ਦਾ ਜਾ ਰਿਹਾ ਹੈ। ਸੈਣੀ ਸਮਾਜ ਦੇ ਨੁਮਾਇੰਦਿਆਂ ਵੱਲੋਂ ਅੱਜ ਇੱਥੇ ਪ੍ਰੈੱਸ ਕਾਨਫਰੰਸ ਕਰਦਿਆਂ ਕੌਂਸਲ ਦਫ਼ਤਰ ਲਈ ਈਸਾਪੁਰ ਫਾਟਕਾਂ ਕੋਲ ਸਥਿਤ ਕੋਠੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਜਸਪਾਲ ਸਿੰਘ, ਰਜਿੰਦਰ ਈਸਾਪੁਰ, ਸੁਨੀਲ ਸੈਣੀ, ਤਰਸੇਮ ਸੈਣੀ, ਅਮਿਤ ਬਾਵਾ, ਜਸਵੰਤ ਬਾਵਾ, ਭੁਪਿੰਦਰ ਸੈਣੀ, ਹਨਿੰਦਰ ਹਨੀ ਨੇ ਕਿਹਾ ਕਿ ਸੈਣੀ ਸਮਾਜ ਤੋਂ ਇਲਾਵਾ ਹੋਰ ਲੋਕਾਂ ਵੱਲੋਂ ਵੀ ਇਸ ਭਵਨ ਵਿੱਚ ਸਮਾਗਮ ਕੀਤੇ ਜਾਂਦੇ ਹਨ। ਇਸ ਲਈ ਕੌਂਸਲ ਅਧਿਕਾਰੀਆਂ ਨੂੰ ਕੌਂਸਲ ਦਫ਼ਤਰ ਇੱਥੋਂ ਤਬਦੀਲ ਕਰਨਾ ਚਾਹੀਦਾ ਹੈ।
ਨਗਰ ਕੌਂਸਲ ਦਾ ਦਫ਼ਤਰ ਦੋ ਸਾਲਾਂ ’ਚ ਬਣ ਜਾਵੇਗਾ: ਰੈੱਡੀ
ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈੱਡੀ ਨੇ ਕਿਹਾ ਕਿ ਪਹਿਲਾਂ ਕੌਂਸਲ ਦੀ ਇਮਾਰਤ ਨੂੰ ਤੋੜਨ ਦੇ ਕੰਮ ਨੂੰ ਮਨਜ਼ੂਰੀ ਮਿਲੀ ਹੈ ਜਿਸਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਮਾਰਤ ਤੋੜਨ ਦਾ ਕੰਮ ਪੂਰਾ ਹੋਣ ਮਗਰੋਂ 20 ਕਰੋੜ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ ਅਤੇ ਕੌਂਸਲ ਦਫ਼ਤਰ ਉਸਾਰੀ ਦੇ ਕੰਮ ਨੂੰ ਮਨਜ਼ੂਰੀ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ 2024 ਤੱਕ ਬੱਸ ਸਟੈਂਡ ਅਤੇ ਕੌਂਸਲ ਦਫ਼ਤਰ ਦਾ ਕੰਮ ਮੁਕੰਮਲ ਹੋ ਜਾਵੇਗਾ। ਇਸ ਦੌਰਾਨ ਆਰਜ਼ੀ ਤੌਰ ’ਤੇ ਸੈਣੀ ਭਵਨ ਵਿੱਚ ਦਫ਼ਤਰ ਤਬਦੀਲ ਕੀਤਾ ਗਿਆ ਹੈ।