ਪੱਤਰ ਪ੍ਰੇਰਕ
ਕੁਰਾਲੀ, 11 ਜੁਲਾਈ
ਸ਼ਹਿਰ ਦੇ ਸੀਵਰੇਜ ਦੀਆਂ ਲਾਈਨਾਂ ਦੀ ਸਫ਼ਾਈ ਨੂੰ ਆਸਾਨ ਬਣਾਉਣ ਦੇ ਉਦੇਸ਼ ਹਿਤ ਨਗਰ ਕੌਂਸਲ ਵੱਲੋਂ ਵਿਸ਼ੇਸ਼ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮਸ਼ੀਨ ਨੂੰ ਅੱਜ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਸੀਵਰੇਜ ਦੀ ਸਫ਼ਾਈ ਕਰਨ ਵਿੱਚ ਆ ਰਹੀ ਮੁਸ਼ਕਿਲ ਨੂੰ ਦੇਖਦਿਆਂ ਕੌਂਸਲ ਵੱਲੋਂ ਖਰੀਦੀ ਬਕਟ ਡੀ-ਸਿਲਟਿੰਗ ਮਸ਼ੀਨ ਦਾ ਅੱਜ ਉਦਘਾਟਨ ਕੀਤਾ ਗਿਆ। ਕੌਂਸਲ ਦੇ ਕਾਰਜਸਾਧਕ ਅਫ਼ਸਰ ਵੀਕੇ ਜੈਨ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਕੌਂਸਲ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਦਰੁਸਤ ਕਰਨ ਲਈ ਬਚਨਵੱਧ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦੀਆਂ ਲਾਈਨਾਂ ਵਿੱਚ ਆਈ ਰੁਕਾਵਟਾਂ ਨੂੰ ਨਾਲ ਦੀ ਨਾਲ ਦੂਰ ਕਰਨ ਲਈ ਨਵੀਂ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮਸ਼ੀਨ ਦੀ ਮਦਦ ਨਾਲ ਸਫ਼ਾਈ ਕਾਮਿਆਂ ਤੇ ਸੀਵਰਮੈਨਾਂ ਦੀ ਜਾਨ ਨੂੰ ਜੋਖ਼ਿਮ ਵਿੱਚ ਪਾਏ ਬਗੈਰ ਸੀਰਵੇਜ ਦੀਆਂ ਲਾਈਨਾਂ ਤੇ ਮੈਨਹੋਲਾਂ ਦੀ ਸਫ਼ਾਈ ਕੀਤੀ ਜਾ ਸਕੇਗੀ।