ਪੱਤਰ ਪ੍ਰੇਰਕ
ਖਰੜ, 2 ਜਨਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ ਖਰੜ ਵਿਚ ਮੀਡੀਆ ਨਾਲ ਇੱਕ ਗ਼ੈਰ ਰਸਮੀ ਗੱਲਬਾਤ ਦੌਰਾਨ ਕਿਹਾ ਸੀ ਕਿ ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ 15 ਫਰਵਰੀ ਤੋਂ ਪਹਿਲਾਂ ਕਰਵਾ ਲਈਆਂ ਜਾਣਗੀਆ ਤੇ ਤਾਰੀਖਾਂ ਦਾ ਐਲਾਨ ਵੀ ਛੇਤੀ ਹੀ ਕੀਤਾ ਜਾਵੇਗਾ। ਇਸ ਬਿਆਨ ਮਗਰੋਂ ਸੰਭਾਵਿਤ ਉਮੀਦਵਾਰਾਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਉਮੀਦਵਾਰਾਂ ਨੇ ਭਾਵੇਂ ਪਹਿਲਾਂ ਹੀ ਚੋਣਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਸਨ, ਪਰ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਚੋਣਾਂ ਹੋਣ ਜਾਂ ਨਾ ਹੋਣ ਸਬੰਧੀ ਬਣੇ ਹੋਏ ਭੰਬਲਭੂਸੇ ਵਿੱਚੋਂ ਨਿਕਲ ਕੇ ਉਮੀਦਵਾਰਾਂ ਨੂੰ ਯਕੀਨ ਹੋ ਗਿਆ ਹੈ ਕਿ ਚੋਣਾ ਸਬੰਧੀ ਐਲਾਨ ਕੁਝ ਦਿਨਾਂ ਅੰਦਰ ਹੋ ਜਾਵੇਗਾ। ਸਾਰੇ ਸ਼ਹਿਰ ਅੰਦਰ ਉਮੀਦਵਾਰਾਂ ਵੱਲੋਂ ਨਵੇ ਸਾਲ ਤੇ ਲੋਹੜੀ ਦੀਆਂ ਵਧਾਈਆਂ ਦੇ ਫਲੈਕਸ ਲਗਾਏ ਜਾ ਰਹੇ ਹਨ ਅਤੇ ਸਵੇਰ ਤੋਂ ਸ਼ਾਮ ਤੱਕ ਉਨ੍ਹਾਂ ਵੱਲੋਂ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਅਤੇ ‘ਆਪ’ ਵੱਲੋਂ ਆਪਣੇ-ਆਪਣੇ ਚੋਣ ਨਿਸ਼ਾਨ ’ਤੇ ਲੜਣ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਦਲ ਅਤੇ ਭਾਜਪਾ ਵੱਲੋਂ ਹਾਲੇ ਫ਼ੈਸਲਾ ਨਹੀਂ ਕੀਤਾ ਗਿਆ।
ਰੂਪਨਗਰ (ਬਹਾਦਰਜੀਤ ਸਿੰਘ): ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਰੂਪਨਗਰ ਸ਼ਹਿਰ ਵਿੱਚ ਦਲ ਬਦਲੀਆਂ ਦਾ ਦੌਰ ਤੇਜ਼ ਹੋ ਗਿਆ ਹੈ। ਚੋਣਾਂ ਵਿੱਚ ਉਮੀਦਵਾਰੀ ਦੇ ਚਾਹਵਾਨ ਉਮੀਦਵਾਰ ਪਾਰਟੀਆਂ ਬਦਲ ਰਹੇ ਹਨ। ਅੱਜ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਆਪਣੇ ਸਾਥੀਆਂ ਸਮੇਤ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਹੋਰ ਆਗੂਆਂ ਦੀ ਹਾਜ਼ਰੀ ਵਿੱਚ ‘ਆਪ’ ’ਚ ਸ਼ਾਮਲ ਹੋਏ। ਇਸ ਮੌਕੇ ਅਮਰਜੀਤ ਸਿੰਘ ਸੰਦੋਆ ਨੇ ਰਾਜ ਕੁਮਾਰ ਦੇ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਇਸੇ ਦੌਰਾਨ ਅੱਜ ਅਕਾਲੀ ਆਗੂ ਸੰਤੋਖ ਸਿੰਘ ਵਾਲੀਆਂ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਮਿਊਂਸਪਲ ਕੌਂਸਲਰ ਜਸਵਿੰਦਰ ਕੌਰ ਵਾਲੀਆ ਵਾਸੀ ਵਾਰਡ ਨੰਬਰ 16 ‘ਆਪ’ ਵਿੱਚ ਸ਼ਾਮਲ ਹੋਣ ’ਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਿਨੇਸ਼ ਚੱਢਾ ਤੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸੈਣੀ ਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਓਧਰ ਸਾਬਕਾ ਕੌਂਸਲਰ ਜਸਵਿੰਦਰ ਕੌਰ ਸ਼ੈਲੀ ਅਤੇ ਅਕਾਲੀ ਆਗੂ ਆਰਪੀ ਸਿੰਘ ਸ਼ੈਲੀ ਯਤਨਾਂ ਸਦਕਾ ਵਾਰਡ ਨੰਬਰ 18 ਤੋਂ ‘ਆਪ’ ਦੇ ਵਾਲੰਟੀਅਰ ਦੀਪਕ ਕੁਮਾਰ ਦੀ ਅਗਵਾਈ ਵਿੱਚ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ।
ਭਾਜਪਾ ਛੱਡ ਕੇ ਵਰਕਰ ਕਾਂਗਰਸ ਵਿੱਚ ਸ਼ਾਮਲ ਹੋਏ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਨਗਰ ਕੌਂਸਲ ਨਵਾਂ ਗਾਉਂ ਦੀਆਂ ਚੋਣਾਂ ਦੇ ਮਾਮਲੇ ਨੂੰ ਲੈ ਕੇ ਕਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਆਪਣੀ ਪਾਰਟੀ ਵਿੱਚ ਵਿਰੋਧੀਆਂ ਦੇ ਵਰਕਰਾਂ ਨੂੰ ਸ਼ਾਮਲ ਕਰਨ ਦਾ ਕੰਮ ਜੰਗੀ ਪੱਧਰ ਉਤੇ ਦਿਨ ਰਾਤ ਚੱਲ ਰਿਹਾ ਹੈ, ਜਿਸ ਦੇ ਚੱਲਦਿਆਂ ਨਵਨੀਤ ਕੁਮਾਰ, ਸਾਹਿਬ ਸਿੰਘ ਅਤੇ ਪੰਮੀ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਪਾਰਟੀ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਨਵਨੀਤ ਕੁਮਾਰ,ਸਾਹਿਬ ਸਿੰਘ ਅਤੇ ਪੰਮੀ ਨੇ ਕਿਹਾ ਕਿ ਸਾਨੂੰ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਖਰੜ ਵਿੱਚ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਮੁੱਖ ਸੇਵਾਦਾਰ ਹਲਕਾ ਖਰੜ ਦੀ ਲੀਡਰਸ਼ਿਪ ਵਿੱਚ ਪੂਰਾ ਵਿਸ਼ਵਾਸ਼ ਹੈ। ਇਸ ਮੌਕੇ ਸਾਬਕਾ ਸਰਪੰਚ ਮੁੱਖਤਿਆਰ ਸਿੰਘ, ਨੰਬਰਦਾਰ ਅਵਤਾਰ ਸਿੰਘ ਤਾਰੀ, ਸਾਬਕਾ ਕੌਂਸਲਰ ਦਲਬੀਰ ਸਿੰਘ ਪੱਪੀ,ਪ੍ਰਧਾਨ ਵਿਪਨ ਸ਼ਰਮਾ, ਨੀਟੂ ਤੇ ਧਾਮੀ ਹਾਜ਼ਰ ਸਨ।