ਹਰਜੀਤ ਸਿੰਘ
ਜ਼ੀਰਕਪੁਰ, 30 ਜੁਲਾਈ
ਹਲਕਾ ਡੇਰਾਬੱਸੀ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਪਿੜ ਦਿਨ ਬ ਦਿਨ ਭਖਦਾ ਜਾ ਰਿਹਾ ਹੈ। ਹਲਕੇ ਦੇ ਜ਼ੀਰਕਪੁਰ ਵਿੱਚ ਸ਼ਹਿਰ ਵਿੱਚ ਲੰਮੇ ਸਮੇ ਤੋਂ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੀ ਵਾਰਡਬੰਦੀ ਨੂੰ ਲੈ ਕੇ ਕਾਂਗਰਸੀ ਅਤੇ ਅਕਾਲੀ ਸਾਹਮਣੇ ਆਏ ਹੋਏ ਹਨ। ਨਗਰ ਕੌਂਸਲ ਵੱਲੋਂ ਅੱਜ ਲੰਘੇ ਦਿਨੀਂ ਸੋਧੀ ਹੋਈ ਵਾਰਡਬੰਦੀ ਦੇ ਨਕਸ਼ੇ ਨੂੰ ਜਨਤੱਕ ਕਰ ਦਿੱਤਾ ਹੈ। ਕੌਂਸਲ ਵੱਲੋਂ ਵਾਰਡਬੰਦੀ ਨੂੰ ਜਨਤੱਕ ਕਰਦੇ ਹੋਏ ਪੰਜ ਅਗਸਤ ਤੱਕ ਇਸ ’ਤੇ ਇਤਰਾਜ਼ ਮੰਗੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰਡਬੰਦੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਏ ਹਨ ਕਿ ਅਧਿਕਾਰੀਆਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਵਾਰਡਬੰਦੀ ਕੀਤੀ ਹੈ। ਗੱਲ ਕਰਨ ’ਤੇ ਹਲਕਾ ਵਿਧਾਇਕ ਐੱਨਕੇ ਸ਼ਰਮਾ ਨੇ ਕਿਹਾ ਕਿ ਜਨਗਣਨਾ ਦੇ ਕਾਨੂੰਨ ਮੁਤਾਬਕ 2021 ਤੋਂ ਪਹਿਲਾਂ ਜ਼ੀਰਕਪੁਰ ਵਿੱਚ ਵਾਰਡਬੰਦੀ ਨਹੀਂ ਕੀਤੀ ਜਾ ਸਕਦੀ, ਪਰ ਇਸ ਦੇ ਬਾਵਜੂਦ ਵਾਰਡਬੰਦੀ ਕੀਤੀ ਗਈ। ਕਾਨੂੰਨ ਮੁਤਾਬਕ ਵਾਰਡਬੰਦੀ ਕਰਨ ਮਗਰੋਂ ਇਤਰਾਜ਼ ਮੰਗਣ ਲਈ 30 ਦਿਨਾਂ ਦਾ ਸਮਾਂ ਦੇਣਾ ਜ਼ਰੂਰੀ ਹੁੰਦਾ ਹੈ, ਪਰ ਜਾਣਬੁੱਝ ਕੇ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਜਿਸ ਵਿੱਚੋਂ ਤਿੰਨ ਛੁੱਟੀਆਂ ਹਨ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਹਾਲੇ ਤੱਕ ਕੌਂਸਲ ਵਿੱਚ ਨਕਸ਼ਾ ਜਨਤੱਕ ਨਹੀ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੀ ਢਾਈ ਲੱਖ ਵਸੋਂ ਨੂੰ ਦੇਖਦਿਆਂ ਇਥੇ 45 ਦੇ ਕਰੀਬ ਵਾਰਡ ਹੋਣੇ ਚਾਹੀਦੇ ਹਨ ਪਰ ਨਿਯਮਾਂ ਨੂੰ ਛਿੱਕੇ ਟੰਗ ਕੇ ਸਿਰਫ਼ 31 ਵਾਰਡ ਹੀ ਰੱਖੇ ਗਏ ਹਨ ਜਿਸ ਨਾਲ 14 ਨਵੇਂ ਉਮੀਦਵਾਰਾਂ ਦੇ ਹੱਕਾਂ ਨੂੰ ਵਾਂਝੇ ਰੱਖਿਆ ਗਿਆ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੰਦੀਪ ਤਿਵਾੜੀ ਨੇ ਕਿਹਾ ਕਿ ਕੋਈ ਜਿਸ ਨੂੰ ਵਾਰਡਬੰਦੀ ’ਤੇ ਇਤਰਾਜ਼ ਹੈ ਉਹ ਦਫ਼ਤਰੀ ਸਮੇਂ ਵਿੱਚ ਸੁਪਰਡੈਂਟ ਬਲਵਿੰਦਰ ਸਿੰਘ ਕੋਲ ਪੰਜ ਅਗਸਤ ਤੱਕ ਲਿਖਤੀ ਆਪਣੇ ਇਤਰਾਜ਼ ਦਰਜ ਕਰਵਾ ਸਕਦਾ ਹੈ।