ਕਰਮਜੀਤ ਸਿੰਘ ਚਿੱਲਾ
ਬਨੂੜ, 26 ਮਈ
ਵਿਜੀਲੈਂਸ ਵਿਭਾਗ ਦੀ ਪਟਿਆਲਾ ਤੋਂ ਆਈ ਪੰਜ ਮੈਂਬਰੀ ਟੀਮ ਨੇ ਅੱਜ ਬਨੂੜ ਦੇ ਵਾਰਡ ਨੰਬਰ ਚਾਰ ਵਿੱਚ ਰਹਿੰਦੇ ਪੰਚਾਇਤ ਵਿਭਾਗ ਦੇ ਫ਼ਤਹਿਗੜ੍ਹ ਸਾਹਿਬ ਬਲਾਕ ਵਿਖੇ ਤਾਇਨਾਤ ਜੇਈ ਲੁਕੇਸ਼ ਥੱਮਣ ਦੇ ਘਰ ਦੀ ਤਲਾਸ਼ੀ ਲਈ। ਵਿਜੀਲੈਂਸ ਵਿਭਾਗ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਲਾ ਸੁਲੇਮਾਨ ਵਿੱਚ ਪੰਚਾਇਤੀ ਫੰਡਾਂ ਵਿੱਚ ਗਬਨ ਅਤੇ ਹਿਸਾਬ ਕਿਤਾਬ ਵਾਲੀ ਮਾਪ ਪੁਸਤਕ ਖੁਰਦ-ਬਰਦ ਕਰਨ ਸਬੰਧੀ ਪਟਿਆਲਾ ਵਿੱਚ ਪਰਚਾ ਦਰਜ ਕੀਤਾ ਹੋਇਆ ਹੈ ਜਿਸ ਵਿੱਚ ਜੇਈ ਲੁਕੇਸ਼ ਥੱਮਣ ਦਾ ਵੀ ਨਾਮ ਸ਼ਾਮਲ ਹੈ। ਲੁਕੇਸ਼ ਥੱਮਣ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਟੀਮ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਜੇਈ ਦੇ ਘਰ ਪਹੁੰਚੀ। ਇਸ ਸਮੇਂ ਜੇਈ ਘਰ ਮੌਜੂਦ ਨਹੀਂ ਸੀ। ਟੀਮ ਨੇ ਘਰ ਦੀਆਂ ਮਹਿਲਾਵਾਂ ਦੀ ਹਾਜ਼ਰੀ ਵਿੱਚ ਹਰ ਵਸਤੂ ਦੀ ਬਰੀਕੀ ਨਾਲ ਜਾਂਚ ਕੀਤੀ। ਟੀਮ ਤਕਰੀਬਨ ਚਾਰ ਵਜੇ ਤੱਕ ਜੇਈ ਦੇ ਘਰ ਮੌਜੂਦ ਰਹੀ। ਘਰ ਦੀਆਂ ਅਲਮਾਰੀਆਂ ਵੀ ਫਰੋਲੀਆਂ ਗਈਆਂ। ਵਿਜੀਲੈਂਸ ਦੀ ਟੀਮ ਜੇਈ ਦੇ ਘਰੋਂ ਲਿਖਤੀ ਰਿਕਾਰਡ ਤੇ ਕਾਗਜ਼ਾਤ ਨਾਲ ਲੈ ਗਈ। ਟੀਮ ਨੇ ਇਸ ਮੌਕੇ ਵਾਰਡ ਦੀ ਮਹਿਲਾ ਕੌਂਸਲਰ ਨੂੰ ਵੀ ਬੁਲਾਇਆ ਤੇ ਜ਼ਬਤ ਕੀਤੀ ਸਮੱਗਰੀ ਦੀ ਲਿਸਟ ਉੱਤੇ ਕੌਂਸਲਰ ਦੇ ਹਸਤਾਖਰ ਵੀ ਕਰਵਾਏ।
ਗੈਂਗਸਟਰਾਂ ਦੇ ਨਿਸ਼ਾਨੇ ’ਤੇ ਸੀ ਜੋਈ ਲੁਕੇਸ਼ ਥੱਮਣ
ਜੇਈ ਲੁਕੇਸ਼ ਥੱਮਣ ਕੁਝ ਦਿਨ ਪਹਿਲਾਂ ਫ਼ਤਿਹਗੜ੍ਹ ਸਾਹਿਬ ਦੇ ਸੀਆਈਏ ਸਟਾਫ਼ ਵੱਲੋਂ ਫੜ੍ਹੇ ਗਏ ਗੈਂਗਸਟਰਾਂ ਦੇ ਨਿਸ਼ਾਨੇ ਉੱਤੇ ਵੀ ਸਨ। ਸੀਆਈਏ ਦੀ ਟੀਮ ਨੇ ਵੀ ਜੇਈ ਦੇ ਘਰ ਦੀ ਤਲਾਸ਼ੀ ਵਾਰੰਟ ਲੈ ਕੇ ਤਲਾਸ਼ੀ ਲਈ ਸੀ ਤੇ ਤਲਾਸ਼ੀ ਦੌਰਾਨ ਟੀਮ ਨੂੰ 42.61 ਲੱਖ ਦੀ ਨਕਦੀ ਵੀ ਮਿਲੀ ਸੀ।