ਮੁਕੇਸ਼ ਕੁਮਾਰ
ਚੰਡੀਗੜ੍ਹ, 24 ਜੁਲਾਈ
ਚੰਡੀਗੜ੍ਹ ਨਗਰ ਨਿਗਮ ਵੱਲੋਂ ਫੀਲਡ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ‘ਤੇ ਨਜ਼ਰ ਰੱਖਣ ਲਈ ਨਿਗਮ ਦੀਆਂ ਸਮਾਰਟ ਘੜੀਆਂ ਦਾ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਵਿਰੋਧ ਕੀਤਾ ਹੈ। ਅੱਜ ਨਿਗਮ ਦੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਸਾਬਕਾ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਨਿਗਮ ਪ੍ਰਸ਼ਾਸਨ ਨੂੰ ਇਨ੍ਹਾਂ ਘੜੀਆਂ ਸਬੰਧੀ ਕੀਤਾ ਗਿਆ ਫ਼ੈਸਲਾ ਰੱਦ ਕਰਨ ਦੀ ਮੰਗ ਕੀਤੀ। ਚੰਡੀਗੜ੍ਹ ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਘੜੀਆਂ ਦੀ ਯੋਜਨਾ ਨੂੰ ਤੁਰੰਤ ਕਰਕੇ ਪੁਰਾਣੇ ਤਰੀਕੇ ਨਾਲ ਹੀ ਰਜਿਸਟਰ ’ਚ ਹੀ ਹਾਜ਼ਰੀ ਲਗਾਉਣ ਦਾ ਸਿਸਟਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਨਗਰ ਨਿਗਮ ਵੱਲੋਂ ਇਨ੍ਹਾਂ ਘੜੀਆਂ ਨੂੰ ਲੈ ਕੇ ਦਲੀਲ ਦਿੱਤੀ ਜਾ ਰਹੀ ਹੈ ਕਿ ਕਾਰਜਪ੍ਰਣਾਲੀ ਸੁਚਾਰੂ ਬਣਾਉਣ ਅਤੇ ਸਫ਼ਾਈ ਕਰਮਚਾਰੀਆਂ ਦੇ ਕੰਮ-ਕਾਜ ’ਤੇ ਨਜ਼ਰ ਰੱਖਣ ਲਈ ਇਹ ਘੜੀਆਂ ਦਿੱਤੀਆਂ ਗਈਆਂ ਹਨ ਜਦਕਿ ਦੂਜੇ ਪਾਸੇ ਇਨ੍ਹਾਂ ਸਫ਼ਾਈ ਕਰਮਚਾਰੀਆਂ ਦੇ ਕੰਮ-ਕਾਜ ’ਤੇ ਨਜ਼ਰ ਰੱਖਣ ਲਈ ਸਿਹਤ ਅਧਿਕਾਰੀ ਸਮੇਤ ਚੀਫ਼ ਸੈਨੇਟਰੀ ਇੰਸਪੈਕਟਰ ਅਤੇ ਹੋਰ ਨਿਗਰਾਨੀ ਸਟਾਫ਼ ਵੀ ਭਰਤੀ ਕੀਤਾ ਗਿਆ ਹੈ।